ਭਾਖੜਾ-ਬਿਆਸ ਪਾਣੀ ਵੰਡ ਵਿਵਾਦ: ਸਰਬ ਪਾਰਟੀ ਮੀਟਿੰਗ ‘ਚ ਵੱਡੇ ਨੇਤਾ ਗ਼ੈਰਹਾਜ਼ਰ, ਪੰਜਾਬ ਦੀ ਸਿਆਸਤ ‘ਚ ਨਵੇਂ ਸਵਾਲ

ਨੈਸ਼ਨਲ ਟਾਈਮਜ਼ ਬਿਊਰੋ :- ਭਾਖੜਾ ਬਿਆਸ ਪ੍ਰਬੰਧਨ ਬੋਰਡ ਵੱਲੋਂ ਹਰਿਆਣਾ ਨੂੰ 8500 ਕਿਊਸਿਕ ਪਾਣੀ ਦੇਣ ਦੇ ਫ਼ੈਸਲੇ ਖ਼ਿਲਾਫ਼ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੱਦੀ ਗਈ ਸਰਬ ਪਾਰਟੀ ਮੀਟਿੰਗ ’ਚ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਹੀਂ ਪੁੱਜੇ। ਸਾਰਿਆਂ ਦੀ ਨਜ਼ਰ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ’ਤੇ ਲੱਗੀ ਹੋਈ ਸੀ ਕਿ ਉਹ ਬੈਠਕ ’ਚ ਹਿੱਸਾ ਲੈਣਗੇ ਜਾਂ ਨਹੀਂ, ਕਿਉਂਕਿ ਪ੍ਰਦੇਸ਼ ਪ੍ਰਧਾਨ ਦੀ ਜ਼ਿੰਮੇਵਾਰੀ ਤੋਂ ਮੁਕਤ ਕਰਨ ਦੇ ਮਤੇ ਤੋਂ ਇਲਾਵਾ ਜਾਖੜ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਏ ਹੋਏ ਹਨ। ਇਸ ਦੇ ਬਾਵਜੂਦ ਜਾਖੜ ਦਿੱਲੀ ਤੋਂ ਬੈਠਕ ’ਚ ਹਿੱਸਾ ਲੈਣ ਲਈ ਚੰਡੀਗੜ੍ਹ ਆ ਗਏ, ਜਦਕਿ ਸੈਕਟਰ-3 ਸਥਿਤ ਪੰਜਾਬ ਭਵਨ ਤੋਂ ਸਿਰਫ 500 ਗਜ਼ ਦੀ ਦੂਰੀ ’ਤੇ ਰਹਿਣ ਵਾਲੇ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਦੂਰੀ ਨੂੰ ਤੈਅ ਨਹੀਂ ਕਰ ਪਾਏ।

ਜਾਣਕਾਰੀ ਅਨੁਸਾਰ ਰਾਜਾ ਵੜਿੰਗ ਆਪਣੇ ਫਲੈਟ ’ਤੇ ਹੀ ਸਨ ਪਰ ਉਨ੍ਹਾਂ ਖ਼ੁਦ ਬੈਠਕ ’ਚ ਹਿੱਸਾ ਲੈਣ ਦੀ ਜਗ੍ਹਾ ਪਾਰਟੀ ਦੇ ਸੀਨੀਅਰ ਆਗੂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਰਾਣਾ ਕੇਪੀ ਸਿੰਘ ਨੂੰ ਬੈਠਕ ’ਚ ਭੇਜਿਆ। ਵੜਿੰਗ ਦਾ ਸਰਬ ਪਾਰਟੀ ਬੈਠਕ ’ਚ ਹਿੱਸਾ ਨਹੀਂ ਲੈਣਾ ਚਰਚਾ ਦਾ ਕੇਂਦਰ ਬਣਿਆ ਰਿਹਾ। ਉਥੇ, ਪੰਜਾਬ ਦੇ ਹਿੱਤਾਂ ਤੇ ਪਾਣੀ ਦੀ ਰਖਵਾਲੀ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਵੀ ਸਰਬ ਪਾਰਟੀ ਬੈਠਕ ’ਚ ਨਹੀਂ ਪੁੱਜੇ। ਹਾਲਾਂਕਿ ਸੁਖਬੀਰ ਨੇ ਵੀ ਪਾਰਟੀ ਦੇ ਸਭ ਤੋਂ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਡਾ. ਦਲਜੀਤ ਸਿੰਘ ਚੀਮਾ ਨੂੰ ਭੇਜਿਆ। ਦੋਵੇਂ ਹੀ ਆਗੂਆਂ ਨੇ ਪਾਣੀ ਦੇ ਮੁੱਦੇ ’ਤੇ ਪੰਜਾਬ ਨਾਲ ਹੀ ਬੇਇਨਸਾਫੀ ਦਾ ਮੁੱਦਾ ਬੈਠਕ ’ਚ ਰੱਖਿਆ। ਉਥੇ, ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਬੈਠਕ ’ਚ ਹਿੱਸਾ ਲੈਣ ਲਈ ਦਿੱਲੀ ਤੋਂ ਵਿੱਸ਼ੇਸ਼ ਤੌਰ ’ਤੇ ਚੰਡੀਗੜ੍ਹ ਪੁੱਜੇ। ਜਾਣਕਾਰੀ ਅਨੁਸਾਰ ਵੀਰਵਾਰ ਨੂੰ ਜਦੋਂ ਮੁੱਖ ਮੰਤਰੀ ਨੇ ਸਰਬ ਪਾਰਟੀ ਬੈਠਕ ਕਰਨ ਦਾ ਫ਼ੈਸਲਾ ਲਿਆ ਤਾਂ ਸੁਨੀਲ ਜਾਖੜ ਦਿੱਲੀ ’ਚ ਸਨ। ਦੇਰ ਰਾਤ 10 ਵਜੇ ਦੇ ਕਰੀਬ ਸਰਕਾਰ ਵੱਲੋਂ ਬੈਠਕ ਦਾ ਸੱਦਾ ਆਇਆ। ਭਾਜਪਾ ਪ੍ਰਧਾਨ ਸਵੇਰੇ-ਸਵੇਰੇ ਫਲਾਈਟ ਲੈ ਕੇ ਸਾਢੇ ਸੱਤ ਵਜੇ ਚੰਡੀਗੜ੍ਹ ਪੁੱਜ ਗਏ। ਬੈਠਕ ਦੌਰਾਨ ਵੀ ਸਾਰਿਆਂ ਦੀਆਂ ਨਜ਼ਰਾਂ ਜਾਖੜ ਉੱਪਰ ਹੀ ਸਨ ਕਿ ਉਹ ਕੀ ਸਟੈਂਡ ਲੈਂਦੇ ਹਨ। ਸੂਤਰ ਦੱਸਦੇ ਹਨ ਕਿ ਬੈਠਕ ਦੌਰਾਨ ਮੁੱਖ ਮੰਤਰੀ ਨੇ ਜਾਖੜ ਨੂੰ ਕਿਹਾ ਕਿ ਉਹ ਪੰਜਾਬੀ ਹਨ, ਜਿਸ ’ਤੇ ਜਾਖੜ ਨੇ ਕਿਹਾ ਕਿ ਦੋ ਲੋਕਾਂ ਨੂੰ ਹਮੇਸ਼ਾਂ ਹੀ ਇਹ ਸਾਬਤ ਕਰਨਾ ਪਿਆ ਕਿ ਉਹ ਪੰਜਾਬੀ ਹਨ। ਇਕ ਕਾਂਗਰਸੀ ਦੀ ਮਹਿਲਾ ਆਗੂ ਅੰਬਿਕਾ ਸੋਨੀ ਤੇ ਦੂਜਾ ਮੈਂ। ਜਾਣਕਾਰੀ ਅਨੁਸਾਰ ਜਾਖੜ ਦਾ ਇਸ਼ਾਰਾ ‘ਆਪ’ ਦੇ ਪ੍ਰਦੇਸ਼ ਪ੍ਰਧਾਨ ਅਮਨ ਅਰੋੜ ਵੱਲ ਸੀ, ਕਿਉਂਕਿ ਇਕ ਦਿਨ ਪਹਿਲਾਂ ਹੀ ਅਰੋੜਾ ਨੇ ਜਾਖੜ ਨੂੰ ਚਿੱਠੀ ਲਿੱਖ ਕੇ ਕਿਹਾ ਸੀ ਕਿ ਉਨ੍ਹਾਂ ਨੂੰ ਇਹ ਸਾਬਤ ਕਰਨਾ ਹੈ ਕਿ ਉਹ ਪਾਣੀ ਦੇ ਮੁੱਦੇ ’ਤੇ ਪੰਜਾਬ ਨਾਲ ਖੜ੍ਹੇ ਹਨ ਜਾਂ ਪਾਰਟੀ ਨਾਲ। ਇਹੀ ਕਾਰਨ ਹੈ ਕਿ ਸੰਯੁਕਤ ਪ੍ਰੈੱਸ ਕਾਨਫਰੰਸ ਦੌਰਾਨ ਵੀ ਜਾਖੜ ਨੇ ਕਿਹਾ ਕਿ ਪੰਜਾਬੀ ਹੋਣ ਦਾ ਸਰਟੀਫਿਕੇਟ ਉਨ੍ਹਾਂ ਨੂੰ ਕਿਸੇ ਤੋਂ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਫਾਲਤੂ ਪਾਣੀ ਨਹੀਂ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਪਾਣੀ ਦਾ ਮਹੱਤਵ ਜਾਖੜ ਤੋਂ ਬਿਹਤਰ ਕੌਣ ਜਾਣ ਸਕਦਾ ਹੈ, ਕਿਉਂਕਿ ਅਬੋਹਰ ਪੰਜਾਬ ਦੇ ਆਖ਼ਰੀ ਕੰਢੇ ’ਤੇ ਹੈ। ਕਿਹਾ ਜਾਂਦਾ ਹੈ ਕਿ ਜੇਕਰ ਚਿੜੀ ਪਾਣੀ ਪੀ ਲਵੇ ਤਾਂ ਅਬੋਹਰ ਦਾ ਪਾਣੀ ਘੱਟ ਹੋ ਜਾਂਦਾ ਹੈ।

By Gurpreet Singh

Leave a Reply

Your email address will not be published. Required fields are marked *