ਕਰਤਾਰਪੁਰ – ਸਥਾਨਕ ਸਿਵਲ ਹਸਪਤਾਲ ਦੇ ਜਨਰਲ ਵਾਰਡ ਵਿਚ ਜ਼ੇਰੇ ਇਲਾਜ ਜੋਤੀ (24) ਨੂੰ ਉਸ ਦੇ ਹੀ ਪਤੀ ਸੁਖਚੈਨ ਨੇ ਆਪਸੀ ਝਗੜੇ ਕਾਰਨ ਸਿਰ ’ਤੇ ਪਿਸਤੌਲ ਰੱਖ ਕੇ ਗੋਲ਼ੀ ਮਾਰ ਦਿੱਤੀ ਤੇ ਬਾਅਦ ਵਿਚ ਆਪਣੀ ਸੱਸ ਕੁਲਵਿੰਦਰ ਕੌਰ ਪਤਨੀ ਮੰਗਾ ਵਾਸੀ ਬ੍ਰਹਮਪੁਰ ਨੂੰ ਵੀ ਗੋਲ਼ੀ ਮਾਰ ਦਿੱਤੀ, ਜੋ ਉਨ੍ਹਾਂ ਦੇ ਢਿੱਡ ’ਚ ਲੱਗੀ। ਦੋਵਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੁਖਚੈਨ ਮੌਕੇ ਤੋਂ ਭੱਜ ਗਿਆ।

ਇਸ ਦੌਰਾਨ ਮੌਕੇ ’ਤੇ ਪਹੁੰਚੇ ਡੀ. ਐੱਸ. ਪੀ. ਵਿਜੇ ਕੰਵਰ ਪਾਲ ਤੇ ਥਾਣਾ ਮੁੱਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਜੋਤੀ ਦਾ ਵਿਆਹ ਲਗਭਗ 4 ਸਾਲ ਪਹਿਲਾਂ ਵਡਾਲਾ ਫਾਟਕ ਕਪੂਰਥਲਾ ਨਿਵਾਸੀ ਸੁਖਚੈਨ ਨਾਲ ਹੋਇਆ ਸੀ ਤੇ ਉਨ੍ਹਾਂ ਦਾ ਇਕ ਬੱਚਾ ਵੀ ਹੈ। ਜਾਣਕਾਰੀ ਅਨੁਸਾਰ ਦੋਵਾਂ ਵਿਚ ਘਰੇਲੂ ਝਗੜਾ ਸੀ, ਜਿਸ ਕਾਰਨ ਜੋਤੀ ਪਿਛਲੇ 15-20 ਦਿਨਾਂ ਤੋਂ ਬ੍ਰਹਮਪੁਰ ਸਥਿਤ ਆਪਣੇ ਪੇਕੇ ਘਰ ਆਈ ਹੋਈ ਸੀ।
ਇਸ ਦੌਰਾਨ ਜੋਤੀ ਦਾ ਪਤੀ ਸੁਖਚੈਨ ਸੋਮਵਾਰ ਸਵੇਰੇ ਆਪਣੇ ਸਹੁਰੇ ਘਰ ਆਇਆ। ਦੋਵਾਂ ਵਿਚਕਾਰ ਝਗੜਾ ਹੋਇਆ, ਜਿਸ ਦੌਰਾਨ ਸੁਖਚੈਨ ਨੇ ਆਪਣੀ ਪਤਨੀ ਨੂੰ ਕਥਿਤ ਤੌਰ ’ਤੇ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ ਤੇ ਉੱਥੋਂ ਚਲਾ ਗਿਆ। ਇਸ ਤੋਂ ਬਾਅਦ ਦੁਪਹਿਰ 1 ਵਜੇ ਦੇ ਕਰੀਬ ਜੋਤੀ ਦੀ ਮਾਂ ਕੁਲਵਿੰਦਰ ਕੌਰ ਆਪਣੀ ਧੀ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ ਲੈ ਕੇ ਆਈ, ਜਿਥੇ ਡਾਕਟਰਾਂ ਨੇ ਜੋਤੀ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਹਸਪਤਾਲ ਵਿਚ ਦਾਖ਼ਲ ਕਰ ਲਿਆ।
ਸੁਖਚੈਨ ਸ਼ਾਮ ਨੂੰ ਕਰੀਬ ਸਵਾ 7 ਵਜੇ ਹਸਪਤਾਲ ਦੇ ਜਨਰਲ ਵਾਰਡ ਵਿਚ ਆਇਆ। ਚਸ਼ਮਦੀਦਾਂ ਅਨੁਸਾਰ ਉਸ ਨੇ ਆਪਣੇ ਚਿਹਰੇ ਨੂੰ ਚਿੱਟੇ ਕੱਪੜੇ ਨਾਲ ਢੱਕਿਆ ਹੋਇਆ ਸੀ। ਉਹ ਸਿੱਧਾ ਆਪਣੀ ਪਤਨੀ ਦੇ ਬੈੱਡ ਕੋਲ ਗਿਆ ਤੇ ਪਿਸਤੌਲ ਉਸ ਦੀ ਕੰਨਪਟੀ ’ਤੇ ਰੱਖ ਦਿੱਤਾ। ਇਸ ਦੌਰਾਨ ਥੋੜ੍ਹੀ ਜਿਹੀ ਝੜਪ ਹੋਈ ਤੇ ਸੁਖਚੈਨ ਨੇ ਗੋਲੀ ਚਲਾ ਦਿੱਤੀ, ਜੋ ਜੋਤੀ ਦੇ ਸਿਰ ਦੇ ਆਰ-ਪਾਰ ਲੰਘੀ। ਸੁਖਚੈਨ ਨੇ ਫਿਰ ਇਕ ਗੋਲੀ ਚਲਾਈ, ਜੋ ਉਸ ਦੀ ਸੱਸ ਕੁਲਵਿੰਦਰ ਕੌਰ ਦੇ ਢਿੱਡ ਵਿਚ ਲੱਗੀ। ਪੁਲਸ ਨੂੰ ਮੌਕੇ ’ਤੋਂ 32 ਬੋਰ ਦੇ ਚਾਰ ਖੋਲ ਵੀ ਮਿਲੇ। ਡੀ. ਐੱਸ. ਪੀ. ਵਿਜੇ ਕੰਵਰ ਪਾਲ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਅਨੁਸਾਰ ਇਹ ਘਰੇਲੂ ਝਗੜੇ ਦਾ ਮਾਮਲਾ ਹੈ ਤੇ ਪੁਲਸ ਮਾਮਲਾ ਦਰਜ ਕਰ ਰਹੀ ਹੈ । ਮੁਲਜ਼ਮ ਨੂੰ ਜਲਦੀ ਹੀ ਫੜ ਲਿਆ ਜਾਵੇਗਾ।
