ਫਾਜ਼ਿਲਕਾ : ਬਿਜਲੀ ਦੇ ਬਕਾਇਆ ਬਿੱਲ ਜਮ੍ਹਾ ਨਾ ਕਰਵਾਏ ਗਏ ਤਾਂ ਬਿਜਲੀ ਦੇ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਸ਼ਹਿਰੀ ਫਾਜ਼ਿਲਕਾ ਨੇ ਦੱਸਿਆ ਕਿ ਜਿਨ੍ਹਾਂ ਖਪਤਕਾਰਾਂ ਦੇ ਘਰੇਲੂ ਜਾਂ ਵਪਾਰਕ ਬਿਜਲੀ ਦੇ ਬਕਾਇਆ ਬਿੱਲ ਹਨ, ਉਹ ਤੁਰੰਤ ਜਮ੍ਹਾ ਕਰਵਾਏ ਜਾਣ। ਜੇਕਰ ਇਹ ਬਕਾਇਆ ਬਿੱਲ ਜਮ੍ਹਾ ਨਾ ਕਰਵਾਏ ਗਏ ਤਾਂ ਉਨ੍ਹਾਂ ਦੇ ਬਿਜਲੀ ਕੁਨੈਕਸ਼ਨ ਕੱਟ ਦਿੱਤੇ ਜਾਣਗੇ। ਵਿਭਾਗ ਵੱਲੋਂ ਇਸ ਪਹਿਲਾਂ ਵੀ ਡਿਫਾਟਰ ਖਪਤਕਾਰਾਂ ਨੂੰ ਕਈ ਵਾਰ ਬਿਜਲੀ ਦੇ ਬਕਾਇਆ ਬਿੱਲ ਭਰਨ ਲਈ ਹਦਾਇਤ ਕੀਤੀ ਜਾ ਚੁੱਕੀ ਹੈ ਪਰ ਇਸ ਦੇ ਬਾਵਜੂਦ ਕੁਝ ਲੋਕਾਂ ਵੱਲੋਂ ਬਕਾਇਦਾ ਬਿੱਲਾਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ। ਜਿਸ ਦੇ ਚੱਲਦੇ ਹੁਣ ਵਿਭਾਗ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਲਿਹਾਜ਼ਾ ਜਿਨ੍ਹਾਂ ਉਪਭੋਗਤਾਵਾਂ ਦਾ ਬਿਜਲੀ ਬਿੱਲ ਬਕਾਇਆ ਹੈ, ਉਨ੍ਹਾਂ ਦੇ ਕੁਨੈਕਸ਼ਨ ਕੱਟੇ ਜਾ ਸਕਦੇ ਹਨ।
2 ਮਹੀਨਿਆਂ ’ਚ 18000 ਬਿਜਲੀ ਕੁਨੈਕਸ਼ਨ ਕੱਟ ਕੇ 125 ਕਰੋੜ ਵਸੂਲੇ
ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਡਿਫਾਲਟਰ ਖਪਤਕਾਰਾਂ ਖ਼ਿਲਾਫ ਸਖ਼ਤੀ ਦਿਖਾਉਂਦੇ ਹੋਏ 1 ਜਨਵਰੀ ਤੋਂ ਲੈ ਕੇ 5 ਫਰਵਰੀ ਤੱਕ ਦੇ 35 ਦਿਨਾਂ ’ਚ 3000 ਤੋਂ ਵੱਧ ਡਿਫਾਲਟਰ ਖਪਤਕਾਰਾਂ ਖ਼ਿਲਾਫ ਤਾਬੜਤੋੜ ਕਾਰਵਾਈਆਂ ਕਰਦੇ ਹੋਏ 58.5 ਕਰੋੜ ਰੁਪਏ ਦੇ ਬਕਾਇਆ ਬਿੱਲਾਂ ਦੀ ਰਿਕਵਰੀ ਕਰ ਕੇ ਇਤਿਹਾਸ ਰਚਿਆ ਹੈ। ਇਕ ਅੰਦਾਜ਼ੇ ਮੁਤਾਬਕ ਪਾਵਰਕਾਮ ਵੱਲੋਂ ਜਨਵਰੀ ਅਤੇ ਫਰਵਰੀ ਦੇ 2 ਮਹੀਨਿਆਂ ’ਚ ਹੀ 18000 ਦੇ ਕਰੀਬ ਡਿਫਾਲਟਰ ਖਪਤਕਾਰਾਂ ਦੇ ਬਿਜਲੀ ਕੁਨੈਕਸ਼ਨ ਕੱਟਦੇ ਹੋਏ 125 ਕਰੋੜ ਰੁਪਏ ਦੇ ਕਰੀਬ ਦੀ ਵੱਡੀ ਰਿਕਵਰੀ ਕਰਨ ਨੂੰ ਅੰਜਾਮ ਦਿੱਤਾ ਹੈ। ਵਿਭਾਗੀ ਅੰਕੜਿਆਂ ਮੁਤਾਬਕ ਲੁਧਿਆਣਾ ਜ਼ਿਲ੍ਹੇ ’ਚ ਡਿਫਾਲਟਰ ਖਪਤਕਾਰਾਂ ਦੀ ਅਜੇ ਵੀ ਲੰਬੀ-ਚੌੜੀ ਲਿਸਟ ਬਕਾਇਆ ਹੈ, ਜਿਨ੍ਹਾਂ ਖ਼ਿਲਾਫ ਆਉਣ ਵਾਲੇ ਦਿਨਾਂ ’ਚ ਪਾਵਰਕਾਮ ਅਧਿਕਾਰੀਆਂ ਵੱਲੋਂ ਵੱਡਾ ਆਪ੍ਰੇਸ਼ਨ ਚਲਾਇਆ ਜਾਵੇਗਾ।