ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਇੱਕ ਵਾਰ ਫਿਰ ਭਿਆਨਕ ਕਹਿਰ ਮਚਾ ਦਿੱਤਾ ਹੈ। ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਖਤਰਨਾਕ ਪੱਧਰ ਤੋਂ ਉੱਪਰ ਵਹਿ ਰਹੀਆਂ ਹਨ, ਜਿਸ ਕਾਰਨ ਮੰਡੀ ਤੋਂ ਮਨਾਲੀ ਨੂੰ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਕਈ ਥਾਵਾਂ ‘ਤੇ ਢਹਿ ਗਿਆ ਹੈ। ਤੇਜ਼ ਧਾਰ ਨੇ ਸੜਕਾਂ, ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਨੀਵੇਂ ਇਲਾਕਿਆਂ ਵਿੱਚ ਹੜ੍ਹ ਦਾ ਖਤਰਾ ਵੱਧ ਗਿਆ ਹੈ। ਰਾਜ ਵਿੱਚ ਇਸ ਵੇਲੇ 795 ਸੜਕਾਂ ਬੰਦ ਹੋ ਚੁੱਕੀਆਂ ਹਨ, 956 ਬਿਜਲੀ ਟ੍ਰਾਂਸਫਾਰਮਰ ਕੰਮ ਕਰਨਾ ਬੰਦ ਕਰ ਚੁੱਕੇ ਹਨ ਅਤੇ 517 ਪਾਣੀ ਸਪਲਾਈ ਯੋਜਨਾਵਾਂ ਪ੍ਰਭਾਵਿਤ ਹੋ ਰਹੀਆਂ ਹਨ।
ਪਿਛਲੀ ਰਾਤ ਤੋਂ ਜਾਰੀ ਮੋਸਲਾਧਾਰ ਬਾਰਿਸ਼ ਨੇ ਮੰਡੀ ਜ਼ਿਲ੍ਹੇ ਦੇ ਦਵਾਰਾ ਅਤੇ ਝਲੋਗੀ ਖੇਤਰਾਂ ਵਿੱਚ ਵੱਡੇ ਭੂਸਖਲਨ ਕੀਤੇ ਹਨ, ਜਿਸ ਨਾਲ ਮੰਡੀ ਤੋਂ ਕੁੱਲੂ ਤੱਕ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਮਨਾਲੀ ਨੇੜੇ ਬਿੰਦੂ ਢਾਂਕ ਖੇਤਰ ਵਿੱਚ ਬਿਆਸ ਨੇ ਸੜਕ ਦਾ ਵੱਡਾ ਹਿੱਸਾ ਬਹਾ ਦਿੱਤਾ ਹੈ, ਜਿਸ ਨਾਲ ਮਨਾਲੀ ਦੇਸ਼ ਦੇ ਬਾਕੀ ਹਿੱਸਿਆਂ ਤੋਂ ਕੱਟ ਗਿਆ ਹੈ। ਮਨਾਲੀ ਵਿੱਚ ਦਰਿਆ ਕੰਢੇ ਬਣਿਆ ਇੱਕ ਰੈਸਟੋਰੈਂਟ ਵੀ ਭਿਆਨਕ ਧਾਰ ਵਿੱਚ ਸਮਾ ਗਿਆ।
ਪ੍ਰਸ਼ਾਸਨ ਨੇ ਐਤਿਹਾਤਨ ਮਨਾਲੀ ਦੇ ਬਹੰਗ ਅਤੇ ਅਲੂ ਗਰਾਊਂਡ ਖੇਤਰਾਂ ਤੋਂ ਦੇਰ ਰਾਤ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਭੇਜਿਆ। ਅਲੂ ਗਰਾਊਂਡ ਵਿੱਚ ਅਚਾਨਕ ਆਈ ਬਾਢ਼ ਵਿੱਚ ਫਸੇ ਇੱਕ ਵਿਅਕਤੀ ਨੂੰ ਐਸਡੀਆਰਐਫ਼ ਟੀਮ ਨੇ ਬਚਾ ਲਿਆ। ਅਧਿਕਾਰੀਆਂ ਨੇ ਲੋਕਾਂ ਅਤੇ ਸੈਲਾਨੀਆਂ ਨੂੰ ਅਗਲੇ 24 ਘੰਟਿਆਂ ਲਈ ਦਰਿਆ ਕੰਢਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਹੋਰ ਬਾਰਿਸ਼ ਦੀ ਸੰਭਾਵਨਾ ਜਤਾਈ ਹੈ ਅਤੇ ਰਾਹਤ-ਬਚਾਅ ਏਜੰਸੀਆਂ ਪੂਰੀ ਤਰ੍ਹਾਂ ਸਤਰਕ ਮੋਡ ‘ਤੇ ਹਨ।
ਇਸੇ ਦੌਰਾਨ, ਪੰਜਾਬ ਵਿੱਚ ਵੀ ਹੜ੍ਹ ਦਾ ਖਤਰਾ ਵੱਧ ਰਿਹਾ ਹੈ। ਬਿਆਸ ਅਤੇ ਹੋਰ ਨਦੀਆਂ ਦੇ ਵੱਧਦੇ ਪਾਣੀ ਕਾਰਨ ਮੈਦਾਨੀ ਇਲਾਕਿਆਂ ਵੱਲ ਪਾਣੀ ਛੱਡਿਆ ਗਿਆ ਹੈ, ਜਿਸ ਨਾਲ ਕਈ ਖੇਤਰ ਪਾਣੀ ਹੇਠ ਆ ਗਏ ਹਨ ਅਤੇ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪ੍ਰਸ਼ਾਸਨ ਨੇ ਰਾਜ ਭਰ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ।
