ਰੈਪਰ ਹਨੀ ਸਿੰਘ ਨੂੰ ਵੱਡੀ ਰਾਹਤ, 6 ਸਾਲ ਪੁਰਾਣੇ ਕੇਸ ‘ਚ FIR ਰੱਦ, ਮੁਹਾਲੀ ‘ਚ ਹੋਇਆ ਸੀ ਮਾਮਲਾ ਦਰਜ

ਨੈਸ਼ਨਲ ਟਾਈਮਜ਼ ਬਿਊਰੋ :- ਰੈਪਰ ਯੋ ਯੋ ਹਨੀ ਸਿੰਘ ਨੂੰ ਮੁਹਾਲੀ ਦੀ ਰਾਸ਼ਟਰੀ ਲੋਕ ਅਦਾਲਤ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ 2018 ‘ਚ ਉਨ੍ਹਾਂ ਦੇ ਚਰਚਿਤ ਗਾਣੇ ‘ਮੱਖਣਾ‘ ‘ਚ ਮਹਿਲਾਵਾਂ ਦੇ ਖਿਲਾਫ਼ ਕਥਿਤ ਅਸ਼ਲੀਲ ਸ਼ਬਦਾਂ ਦੇ ਇਸਤੇਮਾਲ ਨਾਲ ਜੁੜੇ ਛੇ ਸਾਲ ਪੁਰਾਣੇ ਮਾਮਲੇ ‘ਚ ਪੁਲਿਸ ਦੀ ਕਲੋਜ਼ਰ ਰਿਪੋਰਟ ਸਵੀਕਰ ਕਰਦੇ ਹੋਏ ਐਫਆਈਆਰ ਰੱਦ ਕਰ ਦਿੱਤੀ ਹੈ।

ਕੀ ਸੀ ਪੂਰਾ ਮਾਮਲਾ?

ਮੁਹਾਲੀ ਦੇ ਮਟੌਰ ਪੁਲਿਸ ਸਟੇਸ਼ਨ ਨੇ ਇਹ ਐਫਆਈਆਰ ਭਾਰਤੀ ਦੰਡ ਸੰਹਿਤਾ ਦੀ ਧਾਰਾ 294 ਤੇ 509, ਆਈਟੀ ਐਕਟ ਦੀ ਧਾਰਾ 67 ਤੇ ਮਹਿਲਾਵਾਂ ਦਾ ਅਸ਼ਲੀਲ ਚਿੱਤਰਣ (ਮਨਾਹੀ) ਐਕਟ ਦੀ ਧਾਰਾ 6 ਤਹਿਤ ਦਰਜ ਹੋਈ ਸੀ। ਸ਼ਿਕਾਇਤ ਪੰਜਾਬ ਰਾਜ ਮਹਿਲਾ ਦੀ ਸਾਬਕਾ ਪ੍ਰਧਾਨ ਮਨੀਸ਼ਾ ਗੁਲਾਟੀ ਤੇ ਏਐਸਆਈ ਲਖਵਿੰਦਰ ਕੌਰ ਨੇ ਦਿੱਤੀ ਸੀ। ਸੁਣਵਾਈ ਦੇ ਦੌਰਾਨ ਦੋਵੇਂ ਸ਼ਿਕਾਇਤ ਕਰਨ ਵਾਲਿਆਂ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਐਫਆਈਆਰ ਰੱਦ ਕਰਨ ‘ਤੇ ਕੋਈ ਇਤਰਾਜ਼ ਨਹੀਂ ਹੈ।

ਪ੍ਰੀਜ਼ਾਈਡਿੰਗ ਅਫ਼ਸਰ ਅਨੀਸ਼ ਗੋਇਲ ਨੇ ਪੁਲਿਸ ਦੀ ਕਲੋਜ਼ਰ ਰਿਪੋਰਟ ਤੇ ਸ਼ਿਕਾਇਤ ਕਰਨ ਵਾਲਿਆਂ ਦੀ ਸਹਿਮਤੀ ਨੂੰ ਦੇਖਦੇ ਹੋਏ ਐਫਆਈਆਰ ਰੱਦ ਕਰਨ ਦਾ ਹੁਕਮ ਦਿੱਤਾ। ਇਸ ਦੇ ਨਾਲ ਹੀ ਹਨੀ ਸਿੰਘ ਦੇ ਖਿਲਾਫ਼ ਇਹ ਮਾਮਲਾ ਅਧਿਕਾਰਤ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਹੈ।

2019 ਨੂੰ ਗਰਮਾਇਆ ਸੀ ਮੁੱਦਾ

2019 ‘ਚ ਦਰਜ ਹੋਈ ਐਫਆਈਆਰ ਤੋਂ ਬਾਅਦ ਗਾਣੇ ਦੇ ਬੋਲ ਤੇ ਸਮਾਜ ‘ਤੇ ਗਾਣੇ ਦੇ ਅਸਰ ਨੂੰ ਲੈ ਕੇ ਮੁੱਦਾ ਕਾਫੀ ਗਰਮਾਇਆ ਸੀ। ਉਸ ਸਮੇਂ ਪੰਜਾਬ ਮਹਿਲਾ ਕਮਿਸ਼ਨ ਨੇ ਇਸ ਗਾਣੇ ਦੀ ਵਿਵਾਦਿਤ ਸਮੱਗਰੀ ਦਾ ਹਵਾਲਾ ਦਿੰਦੇ ਹੋਏ ਗਾਣੇ ਨੂੰ ਬੈਨ ਕਰਨ ਦੀ ਸਿਫ਼ਾਰਿਸ਼ ਕੀਤੀ ਸੀ। ਲੋਕ ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਹੁਣ ਇਹ ਵਿਵਾਦ ਖ਼ਤਮ ਹੋ ਗਿਆ ਹੈ।

By Gurpreet Singh

Leave a Reply

Your email address will not be published. Required fields are marked *