ਬਿਕਰਮ ਮਜੀਠਿਆ ਨੇ ਕੀਤੀ ਜੇਲ੍ਹ ਬੈਰਕ ਬਦਲਣ ਦੀ ਮੰਗ, ਕੋਰਟ ‘ਚ ਪਟੀਸ਼ਨ ਦਾਇਰ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵਿਜੀਲੈਂਸ ਬਿਊਰੋ ਵੱਲੋ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ ਨਿਊ ਨਾਭਾ ਜੇਲ੍ਹ ‘ਚ ਨਿਆਂਇਕ ਹਿਰਾਸਤ ‘ਚ ਬੰਦ ਹਨ। ਜੇਲ੍ਹ ‘ਚ ਬੰਦ ਬਿਕਰਮ ਮਜੀਠਿਆਂ ਨੇ ਮੋਹਾਲੀ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਮਜੀਠੀਆ ਦਾ ਕਹਿਣਾ ਹੈ ਕਿ ਉਹ ਸਾਬਕਾ ਮੰਤਰੀ ਅਤੇ ਵਿਧਾਇਕ ਰਹਿ ਚੁੱਕੇ ਹਨ, ਇਸ ਲਈ ਉਨ੍ਹਾਂ ਨੂੰ ਔਰੇਂਜ ਕੈਟੇਗਰੀ ਵਿੱਚ ਰੱਖਿਆ ਜਾਣਾ ਚਾਹੀਦਾ ਹੈ। ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਉਨ੍ਹਾਂ ਕੈਦੀਆਂ ਤੋਂ ਵੱਖ ਰੱਖਿਆ ਜਾਵੇ, ਜੋ ਅੰਡਰ ਟ੍ਰਾਇਲ ਹਨ ਜਾਂ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ।

ਅਦਾਲਤ ਨੇ ਇਸ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਅਤੇ ਇਸ ਉੱਪਰ ਸੁਣਵਾਈ ਅੱਜ ਯਾਨੀ ਸੋਮਵਾਰ ਨੂੰ ਹੋਵੇਗੀ। ਫਿਲਹਾਲ ਬਿਕਰਮ ਮਜੀਠੀਆ 19 ਜੁਲਾਈ ਤੱਕ ਨਿਆਂਇਕ ਹਿਰਾਸਤ ਵਿੱਚ ਰਹਿਣਗੇ।

ਇਸ ਤੋਂ ਪਹਿਲਾਂ, ਜਦੋਂ ਮਜੀਠੀਆ ਨੂੰ ਨਿਊ ਨਭਾ ਜੇਲ੍ਹ ਭੇਜਿਆ ਗਿਆ ਸੀ, ਤਾਂ ਪੰਜਾਬ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਬੈਰਕ ਵਿੱਚ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਤਾਂ ਜੋ ਉਨ੍ਹਾਂ ਦੀ ਸੁਰੱਖਿਆ ਨਾਲ ਕੋਈ ਚੇੜਛਾੜ ਨਾ ਹੋ ਸਕੇ। ਇਸਦੇ ਨਾਲ ਹੀ ਸਰਕਾਰ ਨੇ ਸਾਫ਼ ਕੀਤਾ ਸੀ ਕਿ ਮਜੀਠੀਆ ਨੂੰ ਜੇਲ੍ਹ ਵਿੱਚ ਆਮ ਕੈਦੀਆਂ ਵਾਂਗ ਹੀ ਸਹੂਲਤਾਂ ਮਿਲਣਗੀਆਂ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ VIP ਸਹੂਲਤ ਨਹੀਂ ਦਿੱਤੀ ਜਾਵੇਗੀ।

ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ 
ਦੱਸ ਦੇਈਏ ਕਿ ਵਿਜੀਲੈਂਸ ਬਿਊਰੋ ਨੇ 540 ਕਰੋੜ ਰੁਪਏ ਆਮਦਨ ਤੋਂ ਵੱਧ ਜਾਇਦਾਦ ਮਾਮਲੇ ‘ਚ 25 ਜੂਨ ਨੂੰ ਬਿਕਰਮ ਮਜੀਠਿਆ ਦੀ ਅੰਮ੍ਰਿਤਸਰ ਰਿਹਾਇਸ਼ ਸਮੇਤ ਕਈ ਹੋਰ ਥਾਂਵਾਂ ਦੇ ਛਾਪੇਮਾਰੀ ਕੀਤੀ ਸੀ। ਉਨ੍ਹਾਂ ਨੂੰ ਉਸ ਹੀ ਦਿਨ ਹਿਰਾਸਤ ‘ਚ ਲੈ ਲਿਆ ਗਿਆ ਸੀ। ਛਾਪੇਮਾਰੀ ਦੌਰਾਨ ਵਿਜੀਲੈਂਸ ਨੂੰ 29 ਮੋਬਾਈਲ ਫ਼ੋਨ, 5 ਲੈਪਟਾਪ, 3 ਆਈਪੈਡ, 2 ਡੈਸਕਟਾਪ, 8 ਡਾਈਰੀਆਂ ਤੇ ਹੋਰ ਦਸਤਾਵੇਜ਼ ਹੱਥ ਲੱਗੇ ਸਨ।

By Gurpreet Singh

Leave a Reply

Your email address will not be published. Required fields are marked *