ਨਵੀਂ ਦਿੱਲੀ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਮਹਾਕੁੰਭ 2025 ਨੂੰ ਲੈ ਕੇ ਦਿੱਤੀ ਗਈ ‘ਮ੍ਰਿਤਿਊ ਕੁੰਭ’ ਵਾਲੀ ਟਿੱਪਣੀ ‘ਤੇ ਰਾਜਨੀਤੀ ਗਰਮਾਈ ਹੋਈ ਹੈ। ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਇਸ ਬਿਆਨ ’ਤੇ ਤਿੱਖੀ ਪ੍ਰਤੀਕ੍ਰਿਆ ਦਿੱਤੀ ਹੈ ਅਤੇ ਮਮਤਾ ਬੈਨਰਜੀ ਦੀ ਕੜੀ ਆਲੋਚਨਾ ਕੀਤੀ ਹੈ।
ਮਨਜਿੰਦਰ ਸਿੰਘ ਸਿਰਸਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮਮਤਾ ਬੈਨਰਜੀ ਨੇ ਕੁੰਭ ਨੂੰ ‘ਮ੍ਰਿਤਿਊ ਕੁੰਭ’ ਕਿਹਾ ਹੈ। ਕੀ ਉਹ ਕਿਸੇ ਇਸਲਾਮੀ ਤਿਉਹਾਰ ਬਾਰੇ ਵੀ ਅਜਿਹਾ ਕਹਿ ਸਕਦੀਆਂ ਹਨ? ਕੀ ਉਹ ਹੱਜ ਦੌਰਾਨ ਵਾਪਰੇ ਹਾਦਸਿਆਂ ਨੂੰ ਵੀ ਇਸੇ ਤਰ੍ਹਾਂ ਵੇਖਦੀਆਂ ਹਨ? ਮਮਤਾ ਜੀ, ਤੁਹਾਨੂੰ ਅੱਜ ਆਪਣੀ ਗੱਲ ‘ਤੇ ਸ਼ਰਮ ਆਉਣੀ ਚਾਹੀਦੀ ਹੈ। ਤੁਸੀਂ ਅਜਿਹੇ ਪਵਿੱਤਰ ਸਥਾਨ ਨੂੰ ‘ਮ੍ਰਿਤਿਊ ਕੁੰਭ’ ਕਹਿ ਰਹੇ ਹੋ। ਇਹ ਸਭ ਤੋਂ ਵੱਡੀ ਸ਼ਰਮ ਦੀ ਗੱਲ ਹੈ।”
ਉਨ੍ਹਾਂ ਨੇ ਦੱਸਿਆ ਕਿ ਕੁੰਭ ਮੇਲੇ ਨੂੰ ਸੰਸਾਰ ਦੇ ਸਭ ਤੋਂ ਵੱਡੇ ਅਤੇ ਪਵਿੱਤਰ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਜਿਸ ਵਿੱਚ ਲੱਖਾਂ ਸ਼ਰਧਾਲੂ ਪਵਿੱਤਰ ਗੰਗਾ, ਯਮੁਨਾ ਅਤੇ ਸਰਸਵਤੀ ਦੇ ਸੰਗਮ ‘ਤੇ ਸਨਾਨ ਕਰਨ ਆਉਂਦੇ ਹਨ।
ਮਮਤਾ ਬੈਨਰਜੀ ਨੇ ਕੀ ਕਿਹਾ?
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮਹਾਕੁੰਭ 2025 ਦੀਆਂ ਤਿਆਰੀਆਂ ਬਾਰੇ ਇੱਕ ਬਿਆਨ ਦਿੰਦਿਆਂ ‘ਮ੍ਰਿਤਿਊ ਕੁੰਭ’ ਸ਼ਬਦ ਵਰਤਿਆ, ਜਿਸ ਕਾਰਨ ਇਹ ਵਿਵਾਦ ਛਿੜ ਗਿਆ। ਉਨ੍ਹਾਂ ਦਾ ਕਹਿਣਾ ਸੀ ਕਿ “ਕੁੰਭ ਮੇਲੇ ਦੌਰਾਨ ਹੋਣ ਵਾਲੀਆਂ ਵਿਵਸਥਾਵਾਂ ਤੇ ਭੀੜ ਕਾਰਨ ਲੋਕਾਂ ਦੀ ਜਾਨ ਨੂੰ ਖਤਰਾ ਬਣ ਜਾਂਦਾ ਹੈ।”
ਭਾਜਪਾ ਨੇ ਕੀਤੀ ਨਿੰਦਾ
ਭਾਜਪਾ ਨੇ ਮਮਤਾ ਬੈਨਰਜੀ ਦੇ ਇਸ ਬਿਆਨ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਹਿੰਦੂ ਧਰਮ ਅਤੇ ਉਸ ਦੀਆਂ ਪਰੰਪਰਾਵਾਂ ‘ਤੇ ਆਪਤੀਜਨਕ ਟਿੱਪਣੀ ਹੈ। ਉਨ੍ਹਾਂ ਨੇ ਮਮਤਾ ਬੈਨਰਜੀ ਨੂੰ ਤੁਰੰਤ ਆਪਣਾ ਬਿਆਨ ਵਾਪਸ ਲੈਣ ਅਤੇ ਲੋਕਾਂ ਤੋਂ ਮਾਫ਼ੀ ਮੰਗਣ ਦੀ ਮੰਗ ਕੀਤੀ ਹੈ।
