ਅੰਮ੍ਰਿਤਸਰ : ਅੱਜ ਸਵੇਰੇ ਮਜੀਠਾ ਰੋਡ ਬਾਈਪਾਸ ਨੇੜੇ ਹੋਏ ਇੱਕ ਜ਼ੋਰਦਾਰ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਤਕਰੀਬਨ 9:30 ਵਜੇ ਹੋਏ ਇਸ ਬਲਾਸਟ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਿਸਦੇ ਦੋਵੇਂ ਹੱਥ ਗੁੱਟਾਂ ਤੋਂ ਉੱਪਰ ਤੱਕ ਉੱਡ ਗਏ। ਧਮਾਕੇ ਦੀ ਉੱਚੀ ਆਵਾਜ਼ ਨੇ ਨੇੜਲੇ ਇਲਾਕਿਆਂ ਦੇ ਨਿਵਾਸੀਆਂ ਨੂੰ ਚੌਕਸ ਕਰ ਦਿੱਤਾ ਜੋ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਪੁਲਿਸ ਨੂੰ ਸੂਚਨਾ ਦਿੱਤੀ।
ਪੁਲਿਸ ਅਤੇ ਬੰਬ ਸਕਵਾਡ ਮੌਕੇ ‘ਤੇ ਤੁਰੰਤ ਪਹੁੰਚ ਗਏ ਅਤੇ ਇਲਾਕੇ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਮੁੱਢਲੀ ਜਾਂਚ ਵਿੱਚ, ਧਮਾਕੇ ਨੂੰ ਅੱਤਵਾਦੀ ਜਾਂ ਗੈਂਗਸਟਰ ਕਾਰਵਾਈ ਹੋਣ ਤੋਂ ਇਨਕਾਰ ਕੀਤਾ ਗਿਆ ਹੈ।
ਮ੍ਰਿਤਕ ਦੀ ਪਛਾਣ ਹੁਣ ਤੱਕ ਨਹੀਂ ਹੋ ਸਕੀ, ਪਰ ਪੁਲਿਸ ਨੂੰ ਸ਼ੱਕ ਹੈ ਕਿ ਉਹ ਕਬਾੜ ਦਾ ਡੀਲਰ ਹੋ ਸਕਦਾ ਹੈ। ਸ਼ੱਕ ਹੈ ਕਿ ਮ੍ਰਿਤਕ ਨੂੰ ਕਬਾੜ ਵਿੱਚੋਂ ਪੁਰਾਣਾ ਬੰਬ ਮਿਲਿਆ, ਜਿਸਨੂੰ ਉਹ ਸ਼ਾਇਦ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਬੰਬ ਫਟ ਗਿਆ ਅਤੇ ਉਸਦੀ ਮੌਤ ਹੋ ਗਈ।
ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਉਕਤ ਚੀਜ਼ ਕਿਸ ਕਿਸਮ ਦਾ ਵਿਸਫੋਟਕ ਪਦਾਰਥ ਸੀ, ਇਹ ਕਿੱਥੋਂ ਆਇਆ ਸੀ ਅਤੇ ਕਿੰਨਾ ਖ਼ਤਰਨਾਕ ਸੀ। ਮੌਕੇ ਤੋਂ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਫੋਰੈਂਸਿਕ ਟੀਮ ਵੀ ਜਾਂਚ ਵਿੱਚ ਜੁਟ ਗਈ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ‘ਤੇ ਡੀਸੈਂਟ ਐਵੇਨਿਊ ਦੇ ਬਾਹਰ ਹੋਏ ਧਮਾਕੇ ਵਿੱਚ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। ਪੁਲਿਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ, ਜਦੋਂ ਕਿ ਜ਼ਖਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਆਈਟਮ ਜਾਂ ਚੀਜ਼ ਨੂੰ ਨਾ ਛੂਹਣ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕਰਨ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸਿਆਂ ਦੀ ਉਮੀਦ ਕੀਤੀ ਜਾ ਰਹੀ ਹੈ।
