ਵੀਅਤਨਾਮ ‘ਚ ਭਾਰਤੀ ਸੈਲਾਨੀਆਂ ਦੀ ਕਿਸ਼ਤੀ ਪਲਟੀ, 15 ਦੀ ਮੌਤ

ਰਾਜੀਵ ਸ਼ਰਮਾ: ਵੀਅਤਨਾਮ ਦੇ ਫੂ ਕੁਓਕ ਟਾਪੂ ਨੇੜੇ ਸ਼ਨੀਵਾਰ ਨੂੰ ਭਾਰਤੀ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਹਾਦਸੇ ਦਾ ਸ਼ਿਕਾਰ ਹੋ ਗਈ। ਕਿਸ਼ਤੀ ਪਲਟਣ ਕਾਰਨ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ, ਜਦਕਿ ਹੋਰ ਯਾਤਰੀਆਂ ਨੂੰ ਬਚਾਉਣ ਲਈ ਰਾਹਤ ਅਤੇ ਬਚਾਅ ਕਾਰਜ ਜਾਰੀ ਹਨ।
ਵੀਅਤਨਾਮ ਵਿੱਚ ਭਾਰਤੀ ਦੂਤਾਵਾਸ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਸਥਾਨਕ ਪ੍ਰਸ਼ਾਸਨ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ। ਦੂਤਾਵਾਸ ਲਗਾਤਾਰ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਵਿੱਚ ਹੈ ਅਤੇ ਘਟਨਾ ਦੀ ਪੂਰੀ ਜਾਣਕਾਰੀ ਇਕੱਠੀ ਕਰ ਰਿਹਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ ਕਿਸ਼ਤੀ ਵਿੱਚ ਕੁੱਲ 36 ਲੋਕ ਸਵਾਰ ਸਨ। ਇਨ੍ਹਾਂ ਵਿੱਚ 32 ਭਾਰਤੀ ਸੈਲਾਨੀ, ਤਿੰਨ ਚਾਲਕ ਦਲ ਦੇ ਮੈਂਬਰ ਅਤੇ ਇੱਕ ਅਟੈਂਡੈਂਟ ਸ਼ਾਮਲ ਸੀ। ਹਾਦਸੇ ਵਿੱਚ 15 ਭਾਰਤੀ ਸੈਲਾਨੀਆਂ ਦੀ ਜਾਨ ਚਲੀ ਗਈ।
ਘਟਨਾ ਸਬੰਧੀ ਜਾਣਕਾਰੀ ਜਾਂ ਮਦਦ ਲਈ ਦੂਤਾਵਾਸ ਵੱਲੋਂ ਹੇਠ ਲਿਖੇ ਹੈਲਪਲਾਈਨ ਨੰਬਰ ਜਾਰੀ ਕੀਤੇ ਗਏ ਹਨ:
84362817930
84915523714
84334520414
84913089165 (ਹਨੋਈ)
ਫੂ ਕੁਓਕ ਵੀਅਤਨਾਮ ਦਾ ਸਭ ਤੋਂ ਵੱਡਾ ਟਾਪੂ ਹੈ ਅਤੇ ਆਪਣੇ ਸੁੰਦਰ ਸਮੁੰਦਰੀ ਤੱਟਾਂ, ਸਾਫ਼ ਪਾਣੀ ਅਤੇ ਸੈਰ-ਸਪਾਟੇ ਲਈ ਦੁਨੀਆ ਭਰ ਵਿੱਚ ਮਸ਼ਹੂਰ ਹੈ। ਹਰ ਸਾਲ ਵੱਡੀ ਗਿਣਤੀ ਵਿੱਚ ਭਾਰਤੀ ਸੈਲਾਨੀ ਵੀ ਇੱਥੇ ਘੁੰਮਣ ਲਈ ਪਹੁੰਚਦੇ ਹਨ।
ਫਿਲਹਾਲ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਚਾਅ ਟੀਮਾਂ ਵੱਲੋਂ ਰਾਹਤ ਕਾਰਜ ਜਾਰੀ ਹਨ।

By Rajeev Sharma

Leave a Reply

Your email address will not be published. Required fields are marked *