ਕੈਨੇਡਾ (ਰਾਜੀਵ ਸ਼ਰਮਾ) :- ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਦੇਵੀਦਾਸਪੁਰਾ ਦੇ ਇਕ 24 ਸਾਲਾ ਨੌਜਵਾਨ ਸਿਮਰਨਜੀਤ ਸਿੰਘ ਸੰਧੂ ਦਾ ਕੈਨੇਡਾ ਵਿੱਚ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਸਿਮਰਨਜੀਤ ਦੀ ਲਾਸ਼ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਰਾਜ ਦੇ ਕਮਲੂਪਸ ਸ਼ਹਿਰ ਵਿੱਚ ਇਕ ਸੁੰਨਸਾਨ ਰਸਤੇ ‘ਤੇ ਝਾੜੀਆਂ ਵਿੱਚੋਂ ਬਰਾਮਦ ਹੋਈ ਸੀ। ਇਕ ਮਹੀਨੇ ਬਾਅਦ ਵੀਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਪਿੰਡ ਪਹੁੰਚੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਨਮ ਅੱਖਾਂ ਨਾਲ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਪੈਸਿਆਂ ਲਈ ਕਤਲ ਦਾ ਸ਼ੱਕ
ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਨੇ ਦੋਸ਼ ਲਾਇਆ ਹੈ ਕਿ ਸਿਮਰਨਜੀਤ ਦਾ ਕਤਲ ਉਸ ਦੇ ਨਾਲ ਰਹਿਣ ਵਾਲੇ ਸਾਥੀਆਂ ਨੇ ਹੀ ਕੀਤਾ ਹੈ। ਸਿਮਰਨਜੀਤ ਦੇ ਪਿਤਾ ਸੁਖਦੇਵ ਸਿੰਘ ਨੇ ਦੱਸਿਆ ਕਿ ਸਿਮਰਨਜੀਤ ਕੋਲ 10 ਲੱਖ ਰੁਪਏ ਸਨ, ਜੋ ਉਸ ਨੇ ਆਪਣੀ ਆਖਰੀ ਵੀਡੀਓ ਕਾਲ ਦੌਰਾਨ ਵਿਖਾਏ ਵੀ ਸਨ। ਪਰਿਵਾਰ ਦਾ ਮੰਨਣਾ ਹੈ ਕਿ ਉਨ੍ਹਾਂ ਰੁਪਿਆਂ ਲਈ ਹੀ ਉਸ ਦਾ ਕਤਲ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਕਰੀਬ 2 ਮਹੀਨੇ ਪਹਿਲਾਂ ਹੀ ਦੋ ਨੌਜਵਾਨ ਅਤੇ ਇਕ ਕੁੜੀ ਦੇ ਨਾਲ ਨਵੇਂ ਘਰ ਵਿੱਚ ਸ਼ਿਫਟ ਹੋਇਆ ਸੀ।
ਭਵਿੱਖ ਦੇ ਸੁਫ਼ਨੇ ਹੋਏ ਚਕਨਾਚੂਰ
ਸਿਮਰਨਜੀਤ ਸਿੰਘ ਸਾਲ 2023 ‘ਚ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਉੱਜਵਲ ਭਵਿੱਖ ਲਈ ਆਪਣੀ ਸਾਰੀ ਜ਼ਮੀਨ ਤੱਕ ਵੇਚ ਦਿੱਤੀ ਸੀ। ਸਿਮਰਨਜੀਤ ਨੂੰ ਕੈਨੇਡਾ ਦਾ ਵਰਕ ਪਰਮਿਟ ਮਿਲ ਚੁੱਕਾ ਸੀ ਅਤੇ ਉਸ ਕੋਲ ਅਮਰੀਕਾ ਦਾ ਵੀ 10 ਸਾਲ ਦਾ ਵੀਜ਼ਾ ਸੀ। ਕੈਨੇਡਾ ਪੁਲਸ ਨੇ 14 ਜਨਵਰੀ ਨੂੰ ਪਰਿਵਾਰ ਨੂੰ ਸੂਚਨਾ ਦਿੱਤੀ ਸੀ ਕਿ 12 ਜਨਵਰੀ ਨੂੰ ਸਿਮਰਨਜੀਤ ਦਾ ਕਤਲ ਹੋ ਗਿਆ ਹੈ।
ਇਨਸਾਫ਼ ਦੀ ਗੁਹਾਰ
ਮ੍ਰਿਤਕ ਦੇ ਪਿਤਾ ਨੇ ਭਾਰਤ ਅਤੇ ਕੈਨੇਡਾ ਸਰਕਾਰ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਉਨ੍ਹਾਂ ਅਪੀਲ ਕੀਤੀ ਹੈ ਕਿ ਕਾਤਲਾਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਅਤੇ ਸਿਮਰਨਜੀਤ ਦਾ ਸਾਮਾਨ, ਜਿਵੇਂ ਕਿ ਮੋਬਾਇਲ, ਲੈਪਟਾਪ ਅਤੇ ਉਸ ਦੇ ਬਣਦੇ ਪੈਸੇ ਪਰਿਵਾਰ ਨੂੰ ਸੌਂਪੇ ਜਾਣ। ਫਿਲਹਾਲ ਸਥਾਨਕ ਪੁਲਸ ਸੀ. ਸੀ. ਟੀ. ਵੀ. ਫੁਟੇਜ ਖੰਗਾਲ ਰਹੀ ਹੈ ਅਤੇ ਉਸ ਦੇ ਦੋਸਤਾਂ ਤੋਂ ਪੁੱਛਗਿੱਛ ਕਰ ਰਹੀ ਹੈ।
