ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਤੇ ਨਿੱਜੀ ਸਕੂਲ-ਕਾਲਜਾਂ ‘ਚ ਭਾਰਤੀ (ਬਾਲੀਵੁੱਡ) ਗੀਤਾਂ ‘ਤੇ ਡਾਂਸ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਹੁਕਮ ਅਨੁਸਾਰ, ਹੁਣ ਕੋਈ ਵੀ ਵਿਦਿਆਰਥੀ ਜਾਂ ਅਧਿਆਪਕ ਫਨ ਫੇਅਰ ਜਾਂ ਖੇਡ ਸਮਾਰੋਹ ‘ਚ ਹਿੰਦੀ ਗੀਤਾਂ ‘ਤੇ ਡਾਂਸ ਨਹੀਂ ਕਰ ਸਕੇਗਾ।
ਪੰਜਾਬ ਉੱਚ ਸਿੱਖਿਆ ਵਿਭਾਗ ਵੱਲੋਂ ਜਾਰੀ ਹੋਏ ਇੱਕ ਸਰਕੁਲਰ ਵਿੱਚ ਆਖਿਆ ਗਿਆ ਕਿ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਇਲਾਵਾ ਹੋਰ ਗਤੀਵਿਧੀਆਂ ‘ਚ ਹਿੱਸਾ ਲੈਣ ਦੀ ਆਜ਼ਾਦੀ ਹੈ, ਪਰ ਭਾਰਤੀ ਗੀਤਾਂ ‘ਤੇ ਡਾਂਸ ਕਰਨਾ ਇੱਕ ਅਣੈਤਿਕ ਕੰਮ ਹੈ, ਜੋ ਕਿ ਸਿੱਖਿਆ ਦੀ ਮਰਿਆਦਾ ਉਲੰਘਣ ਕਰਦਾ ਹੈ।
ਸਖ਼ਤ ਕਾਰਵਾਈ ਦੀ ਚੇਤਾਵਨੀ
ਸਰਕਾਰੀ ਹੁਕਮ ‘ਚ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਵੀ ਸਕੂਲ ਜਾਂ ਕਾਲਜ ‘ਚ ਇਹ ਹੁਕਮ ਤੋੜਿਆ ਗਿਆ, ਤਾਂ ਉਸ ਸੰਸਥਾ ਦੇ ਪ੍ਰਿੰਸੀਪਲ, ਉਪ-ਨਿਰਦੇਸ਼ਕ ਅਤੇ ਸਿੱਖਿਆ ਡਾਇਰੈਕਟਰ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ।
ਭਾਰਤੀ ਗੀਤਾਂ ਨੂੰ “ਅਸ਼ਲੀਲ” ਦੱਸਿਆ
ਸਰਕੁਲਰ ‘ਚ ਆਖਿਆ ਗਿਆ ਕਿ ਕਾਲਜ ਸਮਾਗਮਾਂ ਦੌਰਾਨ ਅਸ਼ਲੀਲ ਗੀਤਾਂ ‘ਤੇ ਡਾਂਸ, ਗਲਤ ਭਾਸ਼ਾ ਦੀ ਵਰਤੋਂ ਅਤੇ ਗਲਤ ਕੱਪੜੇ ਪਹਿਨਣ ‘ਤੇ ਵੀ ਪਾਬੰਦੀ ਹੋਵੇਗੀ। ਉੱਚ ਸਿੱਖਿਆ ਕਮੇਟੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਿਆ ਅਤੇ ਨੈਤਿਕਤਾ ‘ਤੇ ਧਿਆਨ ਦੇਣਾ ਸਕੂਲ-ਕਾਲਜ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ।