ਨੈਸ਼ਨਲ ਟਾਈਮਜ਼ ਬਿਊਰੋ :- ਮਕਸੂਦਾਂ ਇਲਾਕੇ ਦੇ ਇਕ ਮਸ਼ਹੂਰ ਢਾਬਾ ਮਾਲਕ ਦੇ ਭਰਾ ਨੇ ਐਤਵਾਰ ਨੂੰ ਆਪਣੇ ਘਰ ਵਿਚ ਬਿਜਲੀ ਦੀ ਤਾਰ ਨਾਲ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਦੀ ਮੰਨੀਏ ਤਾਂ ਖ਼ੁਦਕੁਸ਼ੀ ਕਰਨ ਵਾਲਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਸ ਦੀ ਧੀ ਦੋ ਦਿਨ ਪਹਿਲਾਂ ਹੀ ਵਿਦੇਸ਼ ਤੋਂ ਵਾਪਸ ਆਈ ਸੀ। ਮ੍ਰਿਤਕ ਦੀ ਪਛਾਣ ਕਮਲ ਅਰੋੜਾ ਉਰਫ਼ ਟੀਟੂ ਪੁੱਤਰ ਹੁਕਮ ਚੰਦ ਵਾਸੀ ਕਬੀਰ ਨਗਰ ਵਜੋਂ ਹੋਈ ਹੈ।
ਥਾਣਾ ਨੰਬਰ 1 ਦੇ ਇੰਚਾਰਜ ਅਫ਼ਸਰ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਮਿਲੀ ਸੀ ਕਿ ਕਬੀਰ ਨਗਰ ਵਿਚ ਇਕ ਵਿਅਕਤੀ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਦੀ ਇਕ ਟੀਮ ਤੁਰੰਤ ਘਟਨਾ ਸਥਾਨ ’ਤੇ ਭੇਜੀ ਗਈ। ਜਾਂਚ ਕਰਨ ’ਤੇ ਪੁਲਸ ਨੂੰ ਪਤਾ ਲੱਗਾ ਕਿ ਕਮਲ ਅਰੋੜਾ ਦੀ ਪਤਨੀ ਦੀ ਮੌਤ 10 ਸਾਲ ਪਹਿਲਾਂ ਹੋ ਗਈ ਸੀ। ਉਸ ਦਾ ਪੁੱਤਰ ਅਤੇ ਧੀ ਨਿਊਜ਼ੀਲੈਂਡ ਵਿਚ ਸਨ, ਜਦਕਿ ਉਸ ਦੀ ਧੀ ਸ਼ੁੱਕਰਵਾਰ ਨੂੰ ਹੀ ਘਰ ਵਾਪਸ ਆਈ ਸੀ।
