ਬੱਸ ਨੇ ਟੱਕਰ ਮਾਰ ਉੱਡਾ ‘ਤੀ ਆਟੋ ਦੀ ਛੱਤ, ਹੁਣ ਤਕ 3 ਮੌਤਾਂ, ਕਈ ਗੰਭੀਰ

ਨੈਸ਼ਨਲ ਟਾਈਮਜ਼ ਬਿਊਰੋ :- ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਵਿੱਚ ਮੰਗਲਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਮੰਗਲਵਾਰ ਸਵੇਰੇ ਕਰੀਬ 8:30 ਵਜੇ ਜ਼ਿਲ੍ਹੇ ਦੇ ਹਾਜੀਪੁਰ-ਲਾਲਗੰਜ ਰੋਡ ‘ਤੇ ਕੰਚਨਪੁਰ ਧਨੁਸ਼ੀ ਨੇੜੇ ਵਾਪਰਿਆ, ਜਦੋਂ ਇੱਕ ਬੱਸ ਨੇ ਆਟੋ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ ਅਤੇ ਇਸ ਦਾ ਉੱਪਰਲਾ ਹਿੱਸਾ ਪੂਰੀ ਤਰ੍ਹਾਂ ਨਾਲ ਸਾਫ਼ ਹੋ ਗਿਆ। ਆਟੋ ਵਿੱਚ ਕਰੀਬ 12 ਤੋਂ 13 ਯਾਤਰੀ ਸਵਾਰ ਸਨ, ਜੋ ਟੱਕਰ ਮਗਰੋਂ ਸੜਕ ‘ਤੇ ਇੱਧਰ-ਉੱਧਰ ਖਿੱਲਰ ਗਏ। ਚਸ਼ਮਦੀਦਾਂ ਅਨੁਸਾਰ, ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਡਿੱਗਣ ਨਾਲ ਮੌਤ ਹੋ ਗਈ, ਜਦੋਂ ਕਿ ਦੋ ਹੋਰਾਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਹਾਦਸਾ ਇੱਕ ਵਨ-ਵੇ ਸੜਕ ‘ਤੇ ਹੋਇਆ ਜਿੱਥੇ ਦੋਵੇਂ ਵਾਹਨ ਆਹਮੋ-ਸਾਹਮਣੇ ਆ ਰਹੇ ਸਨ ਅਤੇ ਦੋਵਾਂ ਦੀ ਸਪੀਡ ਬਹੁਤ ਜ਼ਿਆਦਾ ਸੀ। ਦੱਸਿਆ ਗਿਆ ਹੈ ਕਿ ਯਾਤਰੀ ਬੱਸ ਦੀ ਰਫ਼ਤਾਰ 70 ਕਿਲੋਮੀਟਰ ਪ੍ਰਤੀ ਘੰਟਾ ਸੀ, ਜਦੋਂ ਕਿ ਆਟੋ ਵੀ 60 ਕਿਲੋਮੀਟਰ ਪ੍ਰਤੀ ਘੰਟਾ ਦੀ ਸਪੀਡ ‘ਤੇ ਸੀ। ਆਟੋ ਹਾਜੀਪੁਰ ਤੋਂ ਲਾਲਗੰਜ ਵੱਲ ਜਾ ਰਿਹਾ ਸੀ, ਜਦੋਂ ਕਿ ਬੱਸ ਲਾਲਗੰਜ ਤੋਂ ਹਾਜੀਪੁਰ ਵੱਲ ਆ ਰਹੀ ਸੀ। ਚਸ਼ਮਦੀਦਾਂ ਨੇ ਇਸ ਹਾਦਸੇ ਦਾ ਕਾਰਨ ਬੱਸ ਡਰਾਈਵਰ ਦੀ ਲਾਪਰਵਾਹੀ ਦੱਸਿਆ ਹੈ।

ਭੜਕੇ ਲੋਕਾਂ ਨੇ ਭੰਨ ‘ਤੀ ਬੱਸ

ਹਾਦਸੇ ਤੋਂ ਤੁਰੰਤ ਬਾਅਦ ਬੱਸ ਡਰਾਈਵਰ ਬੱਸ ਛੱਡ ਮੌਕੇ ਤੋਂ ਫ਼ਰਾਰ ਹੋ ਗਿਆ। ਨਾਰਾਜ਼ ਲੋਕਾਂ ਦੀ ਭੀੜ ਨੇ ਯਾਤਰੀ ਬੱਸ ਵਿੱਚ ਤੋੜ-ਭੰਨ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਬੱਸ ਵਿੱਚ ਸਵਾਰ ਯਾਤਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਸ ਮੌਕੇ ‘ਤੇ ਪਹੁੰਚੀ। ਜ਼ਖਮੀਆਂ ਨੂੰ ਇਲਾਜ ਲਈ ਹਾਜੀਪੁਰ ਸਦਰ ਹਸਪਤਾਲ ਭੇਜਿਆ ਗਿਆ, ਜਿਨ੍ਹਾਂ ਵਿੱਚੋਂ ਕੁਝ ਦੀ ਹਾਲਤ ਗੰਭੀਰ ਹੈ। ਪੁਲਸ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਪਛਾਣ ਕਰਨ ਵਿੱਚ ਜੁਟੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਮੁਹੰਮਦ ਦਿਲਸ਼ੇਰ ਅਤੇ ਰਾਜੀਵ ਕੁਮਾਰ ਤੇ 25 ਸਾਲਾ ਰਾਜਗੀਰ ਕੁਮਾਰ (ਰਹੀਮਪੁਰ) ਵਜੋਂ ਹੋਈ ਹੈ।

By Gurpreet Singh

Leave a Reply

Your email address will not be published. Required fields are marked *