ਨੈਸ਼ਨਲ ਟਾਈਮਜ਼ ਬਿਊਰੋ :- ਹਰੇਕ ਸਾਲ ਵਾਂਗ ਐਤਕੀ ਵੀਂ ਸਰੀ ਡੈਲਟਾ ਦੇ ਸਕੋਟ ਰੋਡ ‘ਤੇ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਤੋਂ 2 ਅਗਸਤ ਨੂੰ ਇੱਕ ਮਹਾਨ ਨਗਰ ਕੀਰਤਨ ਸਜਾਇਆ ਜਾਵੇਗਾ| ਜਿਸ ਸਬੰਧੀ ਲੋੜੀਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧੀ ਉਕਤ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਅਮਨਦੀਪ ਸਿੰਘ ਜੌਹਲ ਨੇ ਦੱਸਿਆ ਕਿ ਇਹ ਨਗਰ ਕੀਰਤਨ ਸਵੇਰੇ 8 ਵਜੇ ਗੁਰੂ ਘਰ ਤੋਂ ਅਰਦਾਸ ਕਰਨ ਉਪਰੰਤ ਰਵਾਨਾ ਹੋਵੇਗਾ। ਉਹਨਾਂ ਅੱਗੇ ਦੱਸਿਆ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਛਤਰ ਛਾਇਆ ਅਤੇ ਪੰਜਾਂ ਪਿਆਰਿਆਂ ਦੀ ਅਗਵਾਈ ‘ਚ ਰਵਾਨਾ ਹੋਣ ਵਾਲਾ ਇਹ ਨਗਰ ਕੀਰਤਨ ਤਹਿਸ਼ੁਦਾ ਰੂਟਾਂ ਰਾਹੀਂ ਹੁੰਦਾ ਹੋਇਆ ਬਾਅਦ ਦੁਪਹਿਰ ਗੁਰਦੁਆਰਾ ਵਿਖੇ ਸਮਾਪਤ ਹੋਵੇਗਾ|
ਉਹਨਾਂ ਇਹ ਵੀ ਦੱਸਿਆ ਕਿ ਨਗਰ ਕੀਰਤਨ ‘ਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ‘ਚ ਭਾਰੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਬਾਹਰੋਂ ਆਉਣ ਵਾਲੀਆਂ ਸੰਗਤਾਂ ਲਈ ਰਿਹਾਇਸ਼ ਅਤੇ ਲੰਗਰਾਂ ਦੇ ਵੱਡੇ ਪੱਧਰ ‘ਤੇ ਇੰਤਜ਼ਾਮ ਕੀਤੇ ਗਏ ਹਨ। ਇਸ ਸਬੰਧੀ ਅੰਮ੍ਰਿਤ ਸੰਚਾਰ 1 ਅਗਸਤ ਨੂੰ ਸ਼ਾਮ 6 ਵਜੇ ਕਰਵਾਇਆ ਜਾਵੇਗਾ| ਅਖੀਰ ‘ਚ ਉਹਨਾਂ ਨੇ ਦੱਸਿਆ ਕਿ ਇਸ ਸਬੰਧ ਵਿੱਚ 23 ਜੁਲਾਈ ਤੋਂ ਆਰੰਭ ਹੋਏ ਆਤਮ ਰਸ ਕੀਰਤਨ ਦਰਬਾਰ ‘ਚ ਹਾਜ਼ਰੀ ਭਰਨ ਲਈ ਭਾਈ ਦਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸੰਦੀਪ ਸਿੰਘ ਹਜੂਰੀ ਰਾਗੀ ਦਰਬਾਰ ਸਾਹਿਬ, ਭਾਈ ਲਖਵਿੰਦਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਕਥਾਵਾਚਕ ਗਿਆਨੀ ਦਲਜੀਤ ਸਿੰਘ ਦਮਦਮੀ ਟਕਸਾਲ ,ਢਾਡੀ ਗਿਆਨੀ ਤਰਲੋਚਨ ਸਿੰਘ ਭਮਦੀ ਅਤੇ ਗਿਆਨੀ ਸ਼ਮਸ਼ੇਰ ਸਿੰਘ ਮਿਸ਼ਰਪੁਰਾ ਬਟਾਲਾ ਦਾ ਢਾਡੀ ਜੱਥਾ ਪੰਜਾਬ ਤੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਹਨ। ਇਸ ਮੌਕੇ ਤੇ ਭਾਈ ਹਰਜੀਤ ਸਿੰਘ ,ਭਾਈ ਮਲਕੀਤ ਸਿੰਘ ਫੌਜੀ, ਭਾਈ ਮਨਪ੍ਰੀਤ ਸਿੰਘ ਅਤੇ ਭਾਈ ਭੁਪਿੰਦਰ ਸਿੰਘ ਹੋਠੀ ਵੀ ਹਾਜ਼ਰ ਸਨ।