ਨੈਸ਼ਨਲ ਟਾਈਮਜ਼ ਬਿਊਰੋ :- ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚੀਨ ਨਾਲ ਜੁੜੇ ਇਕ ਔਨਲਾਈਨ ਪ੍ਰਚਾਰ ਮੁਹਿੰਮ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਸੁਰੱਖਿਆ ਅਧਿਕਾਰੀਆਂ ਦੇ ਅਨੁਸਾਰ, ਚੀਨ ਦੀ ਹਮਦਰਦ ਇੱਕ ਔਨਲਾਈਨ ਸੁਚਨਾ ਕਾਰਵਾਈ ਲਿਬਰਲ ਲੀਡਰ ਮਾਰਕ ਕਾਰਨੀ ਖਿਲਾਫ WeChat ਪਲੇਟਫਾਰਮ ‘ਤੇ ਝੂਠਾ ਪ੍ਰਚਾਰ ਫੈਲਾ ਰਹੀ ਹੈ।
ਇਹ ਝੂਠੇ ਨੈਰੇਟਿਵ ਮਾਰਕ ਕਾਰਨੀ ਦੀ ਅਮਰੀਕਾ ਪ੍ਰਤੀ ਨੀਤੀ, ਉਨ੍ਹਾਂ ਦੇ ਤਜਰਬੇ ਅਤੇ ਯੋਗਤਾਵਾਂ ਨੂੰ ਲਕੜੇ ’ਚ ਲੈਂਦੇ ਹਨ। ਇਹ ਝੂਠੀ ਜਾਣਕਾਰੀਆਂ WeChat ਉੱਤੇ ਯੂਲੀ-ਯੂਮੀਅਨ ਨਾਂ ਦੇ ਪ੍ਰਸਿੱਧ ਖਾਤੇ ਰਾਹੀਂ ਫੈਲਾਈਆਂ ਜਾ ਰਹੀਆਂ ਹਨ, ਜਿਸਨੂੰ ਚੀਨ ਦੀ ਕਮਿਊਨਿਸਟ ਪਾਰਟੀ ਦੇ ਕਮਿਸ਼ਨ ਨਾਲ ਜੋੜਿਆ ਜਾ ਰਿਹਾ ਹੈ।
ਫ਼ੈਡਰਲ ਅਧਿਕਾਰੀਆਂ ਨੇ ਦੱਸਿਆ ਕਿ 10 ਮਾਰਚ ਨੂੰ ਚੋਣਾਂ ਦੇ ਐਲਾਨ ਤੋਂ ਪਹਿਲਾਂ ਅਤੇ 25 ਮਾਰਚ ਨੂੰ ਚੋਣ ਰਿੱਟ ਦੌਰਾਨ ਝੂਠੇ ਆਨਲਾਈਨ ਪ੍ਰਚਾਰ ਵਿੱਚ ਵਾਧਾ ਹੋਇਆ। ਹਾਲਾਂਕਿ, ਚੋਣ ਨਿਗਰਾਨੀ ਪੈਨਲ ਨੇ ਇਹ ਨਿਰਣਾ ਲਿਆ ਕਿ ਇਹ ਕਾਰਵਾਈ ਕੈਨੇਡਾ ਦੀ ਨਿਰਪੱਖ ਅਤੇ ਆਜ਼ਾਦ ਚੋਣ ਪ੍ਰਕਿਰਿਆ ਨੂੰ ਪ੍ਰਭਾਵਿਤ ਨਹੀਂ ਕਰ ਰਹੀ।
ਇਸ ਸਬੰਧੀ ਲਿਬਰਲ ਪਾਰਟੀ ਨੂੰ 6 ਅਪ੍ਰੈਲ ਨੂੰ ਜਾਣੂ ਕਰਵਾ ਦਿੱਤਾ ਗਿਆ ਸੀ ਅਤੇ ਟਾਸਕ ਫੋਰਸ ਨੇ ਆਪਣੇ ਖ਼ਦਸ਼ਿਆਂ ਬਾਰੇ WeChat ਦੇ ਡਿਵੈਲਪਰ Tencent ਨੂੰ ਵੀ ਅਗਾਹ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਮੁੱਦਾ ਹਾਲੇ ਤੱਕ ਸਿਰਫ ਇੱਕ ਪਲੇਟਫਾਰਮ ਤੱਕ ਸੀਮਤ ਹੈ ਅਤੇ ਇਸਦਾ ਚੋਣ ਨਤੀਜਿਆਂ ਜਾਂ ਵੋਟਰਾਂ ਦੇ ਨਿਰਣਾ ਉੱਤੇ ਕੋਈ ਪ੍ਰਭਾਵ ਨਹੀਂ ਪਿਆ।
ਸੁਰੱਖਿਆ ਏਜੰਸੀਆਂ ਨੇ ਵੋਟਰਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਔਨਲਾਈਨ ਅਤੇ ਔਫਲਾਈਨ ਮਿਲ ਰਹੀ ਜਾਣਕਾਰੀ ਨੂੰ ਲੈ ਕੇ ਸਾਵਧਾਨ ਰਹਿਣ। ਅਜਿਹੀਆਂ ਸਾਜ਼ਿਸ਼ਾਂ ਲੋਕਤੰਤਰ ਅਤੇ ਸੂਚਿਤ ਫੈਸਲੇ ਦੀ ਯੋਗਤਾ ਲਈ ਚੁਣੌਤੀ ਪੈਦਾ ਕਰ ਸਕਦੀਆਂ ਹਨ।