ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਪੁਲਿਸ ਦੀ ਸਾਬਕਾ ਲੇਡੀ ਕਾਂਸਟੇਬਲ ਅਮਨਦੀਪ ਕੌਰ ਦੇ ਡਰੱਗ ਤਸਕਰੀ ਮਾਮਲੇ ਵਿੱਚ ਪੰਜਾਬ ਰਾਜ ਮਹਿਲਾ ਕਮਿਸ਼ਨ ਵੀ ਨਿੱਤਰ ਚੁੱਕਿਆ ਹੈ। ਬੀਤੇ ਦਿਨ ਬਠਿੰਡਾ ਕੋਰਟ ਕੰਪਲੈਕਸ ਵਿੱਚ ਇੱਕ ਮਹਿਲਾ ਗੁਰਮੀਤ ਕੌਰ ਅਤੇ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਵਿਚਕਾਰ ਝਗੜਾ ਹੋਇਆ ਸੀ, ਜਿਸ ਨੂੰ ਲੈ ਕੇ ਮਹਿਲਾ ਕਮਿਸ਼ਨ ਨੇ ਘਟਨਾ ‘ਤੇ ਸੂਮੋਟੋ ਨੋਟਿਸ ਲਿਆ ਹੈ।ਜਾਣਕਾਰੀ ਅਨੁਸਾਰ ਬਠਿੰਡਾ ਪੁਲਿਸ ਨੇ ਡਰੱਗ ਤਸਕਰ ਅਮਨਦੀਪ ਕੌਰ ਦੇ ਸਾਥੀ ਬਲਵਿੰਦਰ ਸਿੰਘ ਉਰਫ਼ ਸੋਨੂੰ ਨੂੰ ਨਾਮਜਦ ਕਰਨ ਤੋਂ ਬਾਅਦ ਹੁਣ ਉਸ ਖਿਲਾਫ਼ ਮਾਮਲਾ ਵੀ ਦਰਜ ਕਰ ਲਿਆ ਲਿਆ ਹੈ।
ਦੱਸ ਦਈਏ ਕਿ ਬਲਵਿੰਦਰ ਸਿੰਘ, ਅਮਨਦੀਪ ਕੌਰ ‘ਤੇ ਦੋਸ਼ ਲਗਾਉਣ ਵਾਲੀ ਔਰਤ ਗੁਰਮੀਤ ਕੌਰ ਦਾ ਪਤੀ ਹੈ, ਜੋ ਕਿ ਪਿਛਲੇ ਕੁੱਝ ਸਮੇਂ ਤੋਂ ਗੁਰਮੀਤ ਕੌਰ ਨੂੰ ਛੱਡ ਕੇ ਲੇਡੀ ਇੰਸਪੈਕਟਰ ਨਾਲ ਰਹਿ ਰਿਹਾ ਸੀ। ਬੀਤੇ ਦਿਨ ਅਮਨਦੀਪ ਕੌਰ ਦੀ ਬਠਿੰਡਾ ਅਦਾਲਤ ਵਿੱਚ ਪੇਸ਼ੀ ਸੀ, ਜਿਸ ਦੌਰਾਨ ਗੁਰਮੀਤ ਕੌਰ ਨੇ ਜਦੋਂ ਅਦਾਲਤ ਕੰਪਲੈਕਸ ਵਿੱਚ ਹੰਗਾਮਾ ਕੀਤਾ ਤਾਂ ਮਾਮਲਾ ਦੋਵਾਂ ਵਿੱਚ ਹੱਥੋਪਾਈ ਤੱਕ ਵੱਧ ਗਿਆ। ਦੋਵੇਂ ਮੀਆਂ-ਬੀਵੀ ਨੇ ਇੱਕ ਦੂਜੇ ‘ਤੇ ਹੱਥ ਚੁੱਕਿਆ, ਜਿਨ੍ਹਾਂ ਨੂੰ ਮੁਸ਼ਕਿਲ ਨਾਲ ਪੁਲਿਸ ਨੇ ਵਿੱਚ ਪੈ ਕੇ ਛੁਡਾਇਆ ਸੀ।
ਇਸ ਕੁੱਟਮਾਰ ਦੀ ਘਟਨਾ ‘ਤੇ ਹੁਣ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਨੋਟਿਸ ਲੈਂਦਿਆਂ ਬਠਿੰਡਾ ਪੁਲਿਸ ਨੂੰ 2 ਦਿਨਾਂ ਅੰਦਰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਦੇ ਨਾਲ ਹੀ ਡਿਪਟੀ ਸੁਪਰਡੈਂਟ ਆਫ਼ ਪੁਲਿਸ ਤੋਂ ਮਾਮਲੇ ਦੀ ਜਾਂਚ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ।