ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਲੈ ਕੇ ਬਟਾਲਾ ‘ਚ ਲੱਗੀਆਂ ਰੌਣਕਾਂ

ਨੈਸ਼ਨਲ ਟਾਈਮਜ਼ ਬਿਊਰੋ :- ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਅੱਜ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਡੇਰਾ ਸਾਹਿਬ ਅਤੇ ਸ੍ਰੀ ਕੰਧ ਸਾਹਿਬ ’ਚ ਵੱਡੀ ਤਾਦਾਦ ਵਿਚ ਸੰਗਤ ਨਤਮਸਤਕ ਹੋਈ। ਬੀਤੇ ਕੱਲ੍ਹ ਸੁਲਤਾਨਪੁਰ ਲੋਧੀ ਤੋਂ ਬਰਾਤ ਰੂਪੀ ਮਹਾਨ ਨਗਰ ਕੀਰਤਨ ਰਾਤ ਬਟਾਲਾ ਪਹੁੰਚਿਆ ਸੀ। ਅੱਜ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਸਬੰਧ ਵਿੱਚ ਗੁਰਦੁਆਰਾ ਸ੍ਰੀ ਡੇਰਾ ਸਾਹਿਬ, ਜੋ ਮਾਤਾ ਸੁਲੱਖਣੀ ਜੀ ਦਾ ਜਨਮ ਅਸਥਾਨ ਹੈ ਅਤੇ ਜਿੱਥੇ ਗੁਰੂ ਨਾਨਕ ਸਾਹਿਬ ਜੀ ਦਾ ਆਨੰਦ ਕਾਰਜ ਹੋਇਆ ਸੀ, ਉਸ ਪਵਿੱਤਰ ਸਥਾਨ ਤੋਂ ਮਹਾਨ ਨਗਰ ਕੀਰਤਨ ਦਾ ਆਰੰਭ ਕੀਤਾ ਗਿਆ।

ਇਹ ਨਗਰ ਕੀਰਤਨ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸ਼ੁਰੂ ਹੋਇਆ। ਪੂਰੇ ਦਿਨ ਦੌਰਾਨ ਇਹ ਕੀਰਤਨ ਬਟਾਲਾ ਦੇ ਬਾਜ਼ਾਰਾਂ ‘ਚੋਂ ਹੁੰਦਾ ਹੋਇਆ ਦੇਰ ਸ਼ਾਮ ਗੁਰਦੁਆਰਾ ਸ੍ਰੀ ਕੰਧ ਸਾਹਿਬ ਵਿਖੇ ਸੰਪੂਰਨ ਹੋਵੇਗਾ।

ਨਗਰ ਕੀਰਤਨ ਦੌਰਾਨ ਪੰਜਾਬ ਪੁਲਸ ਬੈਂਡ ਨੇ ਪ੍ਰਦਰਸ਼ਨ ਕੀਤਾ ਅਤੇ ਗੱਤਕਾ ਪਾਰਟੀਆਂ ਨੇ ਆਪਣੇ ਜੌਹਰ ਵਿਖਾਏ। ਇਸ ਮੌਕੇ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਅਤੇ ਧਾਰਮਿਕ ਤੇ ਰਾਜਨੀਤਿਕ ਆਗੂਆਂ ਨੇ ਵੀ ਸੰਗਤ ਨਾਲ ਨਤਮਸਤਕ ਹੋ ਕੇ ਹਾਜ਼ਰੀ ਭਰੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਮੀ ਨੇ ਕਿਹਾ ਕਿ ਇਸ ਪੁਰਬ ਨੂੰ ਮਨਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤ ਪਹੁੰਚ ਰਹੀ ਹੈ ਅਤੇ ਸ਼੍ਰੋਮਣੀ ਕਮੇਟੀ ਵਲੋਂ ਇੰਤਜ਼ਾਮ ਪੂਰੇ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਨਾਲ ਹਰ ਸਿੱਖ ਨੂੰ ਜੋੜਨ ਦੀ ਲੋੜ ਹੈ।

ਇਸ ਪੁਰਬ ਨੂੰ ਲੈ ਕੇ ਸੰਗਤ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਬਟਾਲਾ ਦੇ ਲੋਕਾਂ ਵਲੋਂ ਜਗ੍ਹਾ-ਜਗ੍ਹਾ ਲੰਗਰ ਤੇ ਸੇਵਾ ਦਾ ਪ੍ਰਬੰਧ ਕਰਕੇ ਆਉਣ ਵਾਲੀ ਸੰਗਤ ਦਾ ਸਵਾਗਤ ਕੀਤਾ ਜਾ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *