ਗੁਰਪ੍ਰੀਤ ਸਿੰਘ :- ਪੰਜਾਬ ਵਿੱਚ ਪਿਛਲੇ ਦਿਨੀਂ ਗੜ੍ਹੇਮਾਰੀ, ਬੇਮੌਸਮੀ ਮੀਂਹ ਅਤੇ ਵੱਧ ਤਾਪਮਾਨ ਕਾਰਨ ਪ੍ਰਭਾਵਿਤ ਹੋਈ ਕਣਕ ਦੀ ਫਸਲ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਭੇਜੀਆਂ ਟੀਮਾਂ ਨੇ ਅੱਜ ਸਮਰਾਲਾ ਅਤੇ ਮਾਛੀਵਾੜਾ ਅਨਾਜ ਮੰਡੀਆਂ ਦਾ ਦੌਰਾ ਕੀਤਾ। ਟੀਮ ਨੇ ਮੰਡੀਆਂ ਵਿੱਚ ਆਈ ਕਣਕ ਦੀਆਂ ਵੱਖ-ਵੱਖ ਢੇਰੀਆਂ ਵਿੱਚੋਂ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਹਨ।
ਜ਼ਿਕਰਯੋਗ ਹੈ ਕਿ ਫਸਲ ਦੇ ਦਾਣੇ ਵਿੱਚ ਆਈਆਂ ਸਮੱਸਿਆਵਾਂ—ਜਿਵੇਂ ਲਸਟਰ ਲਾਸ ਅਤੇ ਬਰੀਕ ਦਾਣਾ—ਕਾਰਨ ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਵਿੱਚ ਹਿਚਕਿਚਾਹਟ ਦਿਖਾਈ ਜਾ ਰਹੀ ਸੀ। ਇਸ ਸਬੰਧੀ ਏਜੰਸੀਆਂ ਨੇ ਕੇਂਦਰ ਸਰਕਾਰ ਤੋਂ ਮਾਪਦੰਡਾਂ ਵਿੱਚ ਰਾਹਤ ਦੇਣ ਦੀ ਮੰਗ ਕੀਤੀ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਪਨਗਰੇਨ ਦੇ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਭਾਰਤੀ ਖੁਰਾਕ ਨਿਗਮ (FCI) ਦੀ ਟੀਮ ਵੱਲੋਂ ਸੈਂਪਲ ਇਕੱਠੇ ਕਰਕੇ ਚੰਡੀਗੜ੍ਹ ਦੀ ਲੈਬ ਵਿੱਚ ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਇਹ ਸਪੱਸ਼ਟ ਹੋਵੇਗਾ ਕਿ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਕਿੰਨੀ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਨੇ ਦੱਸਿਆ ਕਿ ਜੋ ਫਸਲ ਮਾਪਦੰਡਾਂ ‘ਤੇ ਖਰੀ ਉਤਰ ਰਹੀ ਹੈ, ਉਸਦੀ ਖਰੀਦ ਜਾਰੀ ਹੈ, ਜਦਕਿ ਬਾਕੀ ਫਸਲ ਲਈ ਸਰਕਾਰ ਵੱਲੋਂ ਮਾਪਦੰਡਾਂ ਵਿੱਚ ਰਾਹਤ ਦੇਣ ਦੇ ਫੈਸਲੇ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਸੂਬਾ ਉਪ ਪ੍ਰਧਾਨ ਅਰਵਿੰਦਰਪਾਲ ਵਿੱਕੀ ਅਤੇ ਸਮਰਾਲਾ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਆਲਮਦੀਪ ਸਿੰਘ ਮੱਲ ਮਾਜਰਾ ਨੇ ਕਿਹਾ ਕਿ ਕੇਂਦਰੀ ਟੀਮ ਵੱਲੋਂ ਸੈਂਪਲਿੰਗ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਹੁਣ ਉਮੀਦ ਹੈ ਕਿ ਜਲਦ ਹੀ ਮਾਪਦੰਡਾਂ ਵਿੱਚ ਰਾਹਤ ਦਾ ਐਲਾਨ ਕੀਤਾ ਜਾਵੇਗਾ।
ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਫੈਸਲੇ ਵਿੱਚ ਦੇਰੀ ਹੋਈ ਤਾਂ ਮੰਡੀਆਂ ਵਿੱਚ ਫਸਲ ਦੇ ਢੇਰ ਲੱਗ ਜਾਣਗੇ ਅਤੇ ਜਗ੍ਹਾ ਦੀ ਕਮੀ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
