ਸਰੀ (ਅਮ੍ਰਿਤ ਢੌਟ) :- ਸਿੱਖੀ ਅਵੇਅਰਨੈੱਸ ਫਾਊਂਡੇਸ਼ਨ (SAF) ਵੱਲੋਂ ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਕਾਰਜਾਂ ਅਤੇ ਭਾਈਚਾਰਕ ਸੇਵਾ ਵਿੱਚ ਯੋਗਦਾਨ ਲਈ ਚੜ੍ਹਦੀਕਲਾ ਬ੍ਰਦਰਹੁੱਡ ਵੈਲਫੇਅਰ ਐਸੋਸੀਏਸ਼ਨ ਨੂੰ ਸਨਮਾਨਿਤ ਕੀਤਾ ਗਿਆ।
SAF ਵੱਲੋਂ ਐਸੋਸੀਏਸ਼ਨ ਨੂੰ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਇਸ ਮਾਨਤਾ ਲਈ SAF ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਲੋੜਵੰਦਾਂ ਦੀ ਸਹਾਇਤਾ ਅਤੇ ਭਾਈਚਾਰੇ ਦੀ ਸੇਵਾ ਜਾਰੀ ਰੱਖਣ ਦੀ ਵਚਨਬੱਧਤਾ ਪ੍ਰਗਟਾਈ।
ਨੈਸ਼ਨਲ ਟਾਈਮਜ਼ ਨਾਲ ਗੱਲਬਾਤ ਕਰਦਿਆਂ ਫਾਊਂਡਰ ਡਾਇਰੈਕਟਰ ਜਸਵਿੰਦਰ ਸਿੰਘ ਦਿਲਾਵਰੀ, ਡਾਇਰੈਕਟਰ ਐਡਵੋਕੇਟ ਅਵਤਾਰ ਸਿੰਘ ਧਨੋਆ, ਹਰਪ੍ਰੀਤ ਸਿੰਘ ਮੰਕਟਾਲਾ, ਗੁਲਾਬ ਅਰੋੜਾ, ਅਮਰਜੀਤ ਸਿੰਘ ਬਰਾੜ ਅਤੇ ਦਮਨਜੀਤ ਸਿੰਘ ਬੱਸੀ ਨੇ ਕਿਹਾ ਕਿ ਇਹ ਸਨਮਾਨ ਐਸੋਸੀਏਸ਼ਨ ਦੀ ਪੂਰੀ ਟੀਮ ਲਈ ਹੌਸਲਾ ਅਫਜ਼ਾਈ ਹੈ ਅਤੇ ਉਨ੍ਹਾਂ ਨੂੰ ਹੋਰ ਸਮਰਪਣ ਨਾਲ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।
ਐਸੋਸੀਏਸ਼ਨ ਵੱਲੋਂ ਹੁਣ ਤੱਕ ਖੂਨਦਾਨ ਕੈਂਪ, ਫੂਡ ਡਰਾਈਵ, ਬੀ.ਸੀ. ਚਿਲਡਰਨਜ਼ ਹਸਪਤਾਲ ਲਈ ਖਿਡੌਣੇ ਦਾਨ, ਕਮਿਊਨਿਟੀ ਕਲੀਨ-ਅੱਪ ਡਰਾਈਵਾਂ ਅਤੇ ਭਾਈਚਾਰੇ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਸਨਮਾਨ ਸਮੇਤ ਵੱਖ-ਵੱਖ ਸੇਵਾ ਕਾਰਜ ਕੀਤੇ ਗਏ ਹਨ।
ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਹੜ੍ਹ ਰਾਹਤ ਕਾਰਜਾਂ ਵਿੱਚ ਯੋਗਦਾਨ ਸਮੇਤ ਭਵਿੱਖ ਵਿੱਚ ਵੀ ਭਾਈਚਾਰਕ ਲੋੜਾਂ ਅਨੁਸਾਰ ਸੇਵਾ ਪਹਿਲਕਦਮੀਆਂ ਨੂੰ ਅੱਗੇ ਵਧਾਇਆ ਜਾਵੇਗਾ।
