ਸਿਟੀ ਯੂਨੀਵਰਸਿਟੀ ਤੇ ਪੰਜਾਬ ਪੁਲਸ ਦੀ ਨਸ਼ਿਆਂ ਖ਼ਿਲਾਫ਼ ਸਾਂਝੀ ਪਹਿਲ, ਕੱਢਿਆ ਰੋਡ ਸ਼ੋਅ

ਨੈਸ਼ਨਲ ਟਾਈਮਜ਼ ਬਿਊਰੋ :- ਸਿਟੀ ਯੂਨੀਵਰਸਿਟੀ ਵਲੋਂ ਪੰਜਾਬ ਪੁਲਸ ਦੇ ਸਹਿਯੋਗ ਨਾਲ ਜਗਰਾਓਂ ਵਿਖੇ ਇੱਕ ਨਸ਼ਾ ਜਾਗਰੂਕਤਾ ਮੁਹਿੰਮ ਰੋਡ ਸ਼ੋਅ ਦੇ ਰੂਪ ‘ਚ ਸਫ਼ਲਤਾ ਪੂਰਵਕ ਆਯੋਜਿਤ ਕੀਤੀ ਗਈ। ਇਸ ਮੁਹਿੰਮ ਦਾ ਮਕਸਦ ਨੌਜਵਾਨਾਂ ‘ਚ ਨਸ਼ੇ ਦੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਨ੍ਹਾਂ ਨੂੰ ਇਕ ਸਿਹਤਮੰਦ, ਨਸ਼ਾ ਮੁਕਤ ਜੀਵਨ ਸ਼ੈਲੀ ਵੱਲ ਪ੍ਰੇਰਿਤ ਕਰਨਾ ਸੀ। ਇਸ ਰੋਡ ਸ਼ੋਅ ਦੌਰਾਨ ਕਈ ਮਹਿਮਾਨਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ‘ਚ ਵਿਧਾਇਕ (ਜਗਰਾਓਂ) ਸਰਬਜੀਤ ਕੌਰ ਮਾਣੂੰਕੇ, ਆਈ. ਪੀ. ਐੱਸ. ਨੀਲੰਬਰੀ ਜਗਦਲੇ (ਡੀ. ਆਈ. ਜੀ. ਲੁਧਿਆਣਾ ਰੇਂਜ), ਐੱਸ. ਐੱਸ. ਪੀ. ਡਾ. ਅੰਕੁਰ ਗੁਪਤਾ, ਐੱਸ. ਪੀ. ਰਮੀੰਦਰ ਢਿੱਲੋਂ, ਸਮਾਜ ਸੇਵੀ ਅਨੁਰਾਗ ਪੌਲ ਅਤੇ ਡੀ. ਐੱਸ. ਪੀ. ਜਸਜੋਤ ਸਿੰਘ ਸ਼ਾਮਲ ਰਹੇ।

ਸਿਟੀ ਯੂਨੀਵਰਸਿਟੀ ਦੇ ਚਾਂਸਲਰ ਸ. ਚਰਨਜੀਤ ਸਿੰਘ ਚੰਨੀ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਮੌਕੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਵਾਈਸ ਚਾਂਸਲਰ ਡਾ. ਅਭਿਸ਼ੇਕ ਤ੍ਰਿਪਾਠੀ, ਡੀਨ ਅਕੈਡਮਿਕਸ ਡਾ. ਸਿਮਰਨਜੀਤ ਕੌਰ ਗਿੱਲ ਅਤੇ ਡਾਇਰੈਕਟਰ ਸਟੂਡੈਂਟ ਵੇਲਫੇਅਰ ਇੰਜੀ. ਦਵਿੰਦਰ ਸਿੰਘ ਵੀ ਮੌਜੂਦ ਰਹੇ। ਵਿਧਾਇਕ ਸਰਬਜੀਤ ਕੌਰ ਮਾਣੂੰਕੇ ਨੇ ਨਸ਼ੇ ਦੀ ਰੋਕਥਾਮ ਵਿੱਚ ਸਮੂਹਕ ਯਤਨਾਂ ਦੀ ਲੋੜ ‘ਤੇ ਜ਼ੋਰ ਦਿੰਦਿਆਂ ਆਖਿਆ ਕਿ ਸਮਾਜ ਨੂੰ ਇਕਜੁੱਟ ਹੋ ਕੇ ਨਸ਼ਿਆਂ ਖ਼ਿਲਾਫ਼ ਜੰਗ ਲੜਨੀ ਚਾਹੀਦੀ ਹੈ ਅਤੇ ਸੁਚੇਤ ਤੇ ਜ਼ਿੰਮੇਵਾਰ ਸਮਾਜ ਦੀ ਸਿਰਜਣਾ ਕਰਨੀ ਚਾਹੀਦੀ ਹੈ। 

ਡੀ.ਆਈ.ਜੀ. ਨੀਲੰਬਰੀ ਜਗਦਲੇ ਨੇ ਸਿਟੀ ਯੂਨੀਵਰਸਿਟੀ ਦੀ ਇਸ ਕਦਮ ਦੀ ਤਾਰੀਫ਼ ਕਰਦਿਆਂ ਕਿਹਾ ਕਿ ਸਿੱਖਿਆ ਅਤੇ ਜਾਗਰੂਕਤਾ ਹੀ ਨਸ਼ਿਆਂ ਦੀ ਸਮੱਸਿਆ ਦਾ ਸਭ ਤੋਂ ਅਸਰਦਾਰ ਹੱਲ ਹਨ। ਉਨ੍ਹਾਂ ਨੇ ਨੌਜਵਾਨਾਂ ਨੂੰ ਸੋਚ-ਸਮਝ ਕੇ ਫ਼ੈਸਲੇ ਲੈਣ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਉਤਸ਼ਾਹਤ ਕੀਤਾ। ਰੋਡ ਸ਼ੋਅ ਦੌਰਾਨ ਜਾਣਕਾਰੀ ਭਰੇ ਪੋਸਟਰ, ਬੈਨਰ ਅਤੇ ਨਾਅਰੇ ਲਗਾਏ ਗਏ, ਜੋ ਨਸ਼ਾ ਮੁਕਤੀ ਸੰਦੇਸ਼ ਨੂੰ ਲੋਕਾਂ ਤੱਕ ਪਹੁੰਚਾਉਣ ਵਿੱਚ ਸਹਾਇਕ ਸਾਬਤ ਹੋਏ। ਇਹ ਸਮਾਗਮ ਇੱਕ ਮਜ਼ਬੂਤ ਮੰਚ ਬਣਿਆ, ਜਿੱਥੇ ਲੋਕਾਂ ਨੇ ਨਸ਼ੇ ਦੀ ਸਮੱਸਿਆ, ਇਸ ਦੇ ਪ੍ਰਭਾਵ ਅਤੇ ਰੋਕਥਾਮ ਬਾਰੇ ਖੁੱਲ੍ਹ ਕੇ ਵਿਚਾਰ ਸਾਂਝੇ ਕੀਤੇ। ਸਿਟੀ ਯੂਨੀਵਰਸਿਟੀ ਅਤੇ ਪੰਜਾਬ ਪੁਲਸ ਵੱਲੋਂ ਚੁੱਕਿਆ ਗਿਆ ਇਹ ਕਦਮ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਜਾਗਰੂਕ ਕਰਨ ਵੱਲ ਇੱਕ ਪ੍ਰੇਰਣਾਦਾਇਕ ਪਹਿਲ ਹੈ।

By Gurpreet Singh

Leave a Reply

Your email address will not be published. Required fields are marked *