ਹਿਮਾਚਲ ਪ੍ਰਦੇਸ਼ ‘ਚ ਸ਼ਨੀਵਾਰ ਨੂੰ ਹੋਣ ਵਾਲਾ 12ਵੀਂ ਜਮਾਤ ਦਾ ਅੰਗਰੇਜ਼ੀ ਦਾ ਪੇਪਰ ਰੱਦ, ਜਾਣੋ ਹੁਣ ਕਦੋਂ ਹੋਵੇਗਾ

ਨੈਸ਼ਨਲ ਟਾਈਮਜ਼ ਬਿਊਰੋ :- ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀ ਅੰਗਰੇਜ਼ੀ ਵਿਸ਼ੇ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਚੰਬਾ ਜ਼ਿਲ੍ਹੇ ਦੇ ਚੁਵਾੜੀ ਸਕੂਲ ‘ਚ ਗਲਤੀ ਨਾਲ ਪ੍ਰੀਖਿਆ ਦਾ ਪ੍ਰਸ਼ਨ ਪੱਤਰ ਨਿਰਧਾਰਤ ਸਮੇਂ ਤੋਂ ਪਹਿਲਾਂ ਖੁੱਲ੍ਹ ਗਿਆ ਸੀ। ਹਿਮਾਚਲ ਪ੍ਰਦੇਸ਼ ਦੇ ਬੋਰਡ ਇਮਤਿਹਾਨ ਦੌਰਾਨ ਇੱਕ ਸਕੂਲ ਵਿੱਚ ਪ੍ਰਸ਼ਨ ਪੱਤਰ ਸਮੇਂ ਤੋਂ ਪਹਿਲਾਂ ਹੀ ਖੋਲ੍ਹ ਦਿੱਤਾ ਗਿਆ, ਜਿਸ ਕਾਰਨ ਇਹ ਮਾਮਲਾ ਬੋਰਡ ਦੇ ਧਿਆਨ ਵਿੱਚ ਆਇਆ। ਹਿਮਾਚਲ ਪ੍ਰਦੇਸ਼ ਸਿੱਖਿਆ ਬੋਰਡ ਦੇ ਸਕੱਤਰ ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਜਿਵੇਂ ਹੀ ਇਸ ਗਲਤੀ ਦਾ ਪਤਾ ਲੱਗਾ ਤਾਂ ਤੁਰੰਤ ਅੰਗਰੇਜ਼ੀ ਦੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ।

ਬੋਰਡ ਨੇ ਕੀ ਕਿਹਾ?

ਸਕੱਤਰ ਵਿਸ਼ਾਲ ਸ਼ਰਮਾ ਨੇ ਕਿਹਾ ਕਿ ਬੋਰਡ ਪ੍ਰੀਖਿਆ ਦੀ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਕਾਇਮ ਰੱਖਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਗਲਤੀ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਜੋ ਵੀ ਜ਼ਿੰਮੇਵਾਰ ਪਾਇਆ ਜਾਵੇਗਾ, ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਪੁਸ਼ਟੀ ਐਗਜ਼ਾਮ ਮਿੱਤਰਾ ਐਪ ਰਾਹੀਂ ਕੀਤੀ ਗਈ, ਜਿਸ ‘ਚ ਸਪੱਸ਼ਟ ਤੌਰ ਉਤੇ ਪਤਾ ਚੱਲਦਾ ਹੈ ਕਿ ਪ੍ਰਸ਼ਨ ਪੱਤਰ ਗਲਤੀ ਨਾਲ ਖੋਲ੍ਹਿਆ ਗਿਆ ਸੀ।

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਪ੍ਰੀਖਿਆ ਸਿਰਫ ਮੁਲਤਵੀ ਕੀਤੀ ਗਈ ਹੈ, ਰੱਦ ਨਹੀਂ ਕੀਤੀ ਗਈ। ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਤਾਂ ਜੋ ਵਿਦਿਆਰਥੀ ਆਪਣੀ ਤਿਆਰੀ ਸਹੀ ਢੰਗ ਨਾਲ ਕਰ ਸਕਣ। ਵਿਦਿਆਰਥੀਆਂ ਨੂੰ ਇਸ ਫੈਸਲੇ ਨੂੰ ਲੈ ਕੇ ਚਿੰਤਾ ਕਰਨ ਦੀ ਲੋੜ ਨਹੀਂ ਹੈ। ਜਲਦੀ ਹੀ ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਪ੍ਰੀਖਿਆ ਨਿਰਪੱਖ ਢੰਗ ਨਾਲ ਕਰਵਾਈ ਜਾਵੇਗੀ।

By Gurpreet Singh

Leave a Reply

Your email address will not be published. Required fields are marked *