ਚੰਡੀਗੜ੍ਹ, 4 ਮਾਰਚ: ਅੱਜ ਯਾਨੀ ਮੰਗਲਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸੁਰ ਬਦਲੇ ਹੋਏ ਨਜ਼ਰ ਆਏ ਕਿਉਂਕਿ ਅੱਜ ਉਨ੍ਹਾਂ ਵੱਲੋਂ 2 ਵੱਡੇ ਬਿਆਨ ਦਿੱਤੇ ਗਏ ਅਤੇ ਨਾਲ ਹੀ ਤਹਿਸੀਲਦਾਰਾਂ ਨੂੰ ਚਿਤਾਵਨੀ ਵੀ ਦਿੱਤੀ ਗਈ। ਜਿੱਥੇ ਮੋਰਚੇ ਨੂੰ ਲੈ ਕੇ ਚੱਲ ਰਹੀ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਸਾਫ਼ ਕਿਹਾ ਗਿਆ ਕਿ ਜਾਓ ਮੋਰਚਾ ਹੀ ਲਗਾ ਲਓ, ਉੱਥੇ ਤਹਿਸੀਲਦਾਰਾਂ ਨੂੰ ਚਿਤਾਵਨੀ ਦੇ ਨਾਲ ਨਾਲ ਅਲਟੀਮੇਟਮ ਦੇ ਦਿੱਤਾ ਗਿਆ ਕਿ ਜੇਕਰ ਉਹ ਕੰਮ ‘ਤੇ ਨਹੀਂ ਪਰਤਦੇ ਤਾਂ ਉਨ੍ਹਾਂ ਨੂੰ ਬਰਖ਼ਾਸਤ ਵੀ ਕੀਤਾ ਜਾ ਸਕਦਾ ਹੈ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਧਰਨਿਆਂ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕਿਸਾਨ ਧਰਨੇ, ਰੇਲ ਰੋਕੋ ਆੰਦੋਲਨ ਅਤੇ ਹੋਰ ਰੁਕਾਵਟਾਂ ਪੈਦਾ ਕਰਨਾ ਬੰਦ ਨਹੀਂ ਕਰਦੇ, ਤਾਂ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਕਈ ਕਿਸਾਨਾਂ ਦੇ ਘਰਾਂ ‘ਤੇ ਛਾਪੇਮਾਰੀ ਹੋਈ ਅਤੇ ਕਈ ਕਿਸਾਨ ਗ੍ਰਿਫ਼ਤਾਰ ਵੀ ਕੀਤੇ ਗਏ। ਜਿਸਤੋ ਬਾਅਦ ਲਗਾਤਾਰ ਵਿਰੋਧੀ ਧਿਰਾਂ ਵਲੋਂ ਭਗਵੰਤ ਮਾਨ ਸਰਕਾਰ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਦੀ ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ।
ਕਿਸਾਨਾਂ ਦੇ ਇਲਜ਼ਾਮ ‘ਤੇ CM ਮਾਨ ਦਾ ਜਵਾਬ
ਮੁੱਖ ਮੰਤਰੀ ਨੇ ਖਰੜ ਅਤੇ ਮੋਹਾਲੀ ‘ਚ ਦਫ਼ਤਰਾਂ ਦਾ ਦੌਰਾ ਕਰਦੇ ਹੋਏ ਕਿਸਾਨਾਂ ਵਲੋਂ ਲਾਏ ਗਏ ਇਲਜ਼ਾਮਾਂ ਦਾ ਜਵਾਬ ਦਿੱਤਾ। ਉਨ੍ਹਾਂ ਕਿਹਾ, “ਮੈਂ ਕਿਸਾਨਾਂ ਨੂੰ ਕਿਹਾ ਕਿ ਧਰਨੇ ਨਾ ਲਾਓ, ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਹੋ ਰਿਹਾ ਹੈ। ਇਹ ਧਰਨਿਆਂ ਦਾ ਰਾਜ ਬਣਦਾ ਜਾ ਰਿਹਾ ਹੈ। ਤੁਸੀਂ ਮੇਰੀ ਨਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ।”
ਮੀਟਿੰਗ ਦੌਰਾਨ ਕਿਸਾਨਾਂ ਨਾਲ ਤਣਾਅ
ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਨੇ ਕਿਸਾਨਾਂ ਨਾਲ 2.5 ਘੰਟੇ ਤਕ ਮੀਟਿੰਗ ਕੀਤੀ, ਪਰ ਕਿਸਾਨ ਮੋਰਚਾ ਜਾਰੀ ਰੱਖਣ ‘ਤੇ ਜ਼ੋਰ ਦਿੰਦੇ ਰਹੇ। ਉਨ੍ਹਾਂ ਪੁੱਛਿਆ ਕਿ ਜੇ ਮੰਗਾਂ ਕੇਂਦਰ ਸਰਕਾਰ ਨਾਲ ਜੁੜੀਆਂ ਹੋਈਆਂ ਹਨ, ਤਾਂ ਮੈਨੂੰ ਬਠਾ ਕੇ ਰੱਖਣ ਦਾ ਕੀ ਤੁੱਕ? ਮੁੱਖ ਮੰਤਰੀ ਨੇ ਕਿਸਾਨ ਆਗੂਆਂ ਨੂੰ ਸਿੱਧਾ ਕਿਹਾਕਿ, “ਜੇ ਤੁਸੀਂ ਮੋਰਚਾ ਜਾਰੀ ਰੱਖਣਾ ਚਾਹੁੰਦੇ ਹੋ, ਤਾਂ ਫਿਰ ਮੀਟਿੰਗ ਵੀ ਕੈਂਸਲ ਹੈ।”
ਤਹਿਸੀਲਦਾਰਾਂ ਦੀ ਹੜਤਾਲ ‘ਤੇ ਵੀ ਸਰਕਾਰ ਦਾ ਸਖ਼ਤ ਰਵੱਈਆ
ਪੰਜਾਬ ਵਿੱਚ ਤਹਿਸੀਲਦਾਰਾਂ ਨੇ ਵਿਜੀਲੈਂਸ ਬਿਊਰੋ ਦੀ ਕਾਰਵਾਈ ਦੇ ਵਿਰੋਧ ‘ਚ ਸਮੂਹਿਕ ਛੁੱਟੀ ਲੈ ਲਈ ਹੈਅਤੇ ਸ਼ੁੱਕਰਵਾਰ ਤੱਕ ਕੰਮ ਨਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਤਹਿਸੀਲਦਾਰਾਂ ਨੂੰ ਵੀ ਚਿਤਾਵਨੀ ਦਿੱਤੀ ਅਤੇ ਕਿਹਾ, “ਤੁਸੀਂ ਸਮੂਹਿਕ ਛੁੱਟੀ ‘ਤੇ ਵਧਾਈਆਂ, ਪਰ ਬਲੈਕਮੇਲਿੰਗ ਬਰਦਾਸ਼ਤ ਨਹੀਂ ਹੋਵੇਗੀ।” ਉਨ੍ਹਾਂ ਤਹਿਸੀਲਦਾਰਾਂ ਨੂੰ ਸ਼ਾਮ 5:00 ਵਜੇ ਤਕ ਡਿਊਟੀ ‘ਤੇ ਪਰਤਣ ਦੇ ਆਦੇਸ਼ ਦਿੱਤੇ ਅਤੇ ਜੇਕਰ ਉਨ੍ਹਾਂ ਨੇ ਅਣਅਧਿਕਾਰਿਤ ਹੜਤਾਲ ਜਾਰੀ ਰੱਖੀ, ਤਾਂ ਉਨ੍ਹਾਂ ਦੀਆਂ ਸੇਵਾਵਾਂ ਖ਼ਤਮ ਕੀਤੀਆਂ ਜਾ ਸਕਦੀਆਂ ਹਨ।
ਕਿਸਾਨਾਂ ਦੇ ਦਾਅਵਾ
ਇਸ ਤੋਂ ਪਹਿਲਾਂ, ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦਾਅਵਾ ਕੀਤਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿੱਚ ਉਨ੍ਹਾਂ ਨਾਲ ਮੁਲਾਕਾਤ ਦੌਰਾਨ “ਗੁੱਸੇ” ਹੋਏ ਸਨ ਅਤੇ ਉਨ੍ਹਾਂ ਨੂੰ “ਉਕਸਾਇਆ” ਸੀ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਮੁੱਖ ਮੰਤਰੀ ਮਾਨ ਨੂੰ ਅਸਾਧਾਰਨ ਤੌਰ ‘ਤੇ ਗੁੱਸੇ ਵਾਲਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੇ ਉੱਚ ਪੱਧਰੀ ਮੀਟਿੰਗਾਂ ਵਿੱਚ ਵੀ ਅਜਿਹਾ ਗੁੱਸਾ ਕਦੇ ਨਹੀਂ ਦੇਖਿਆ।
ਕਿਸਾਨ ਆਗੂ ਬਲਬੀਰ ਨੇ ਕਿਹਾ ਕਿ ਮੀਟਿੰਗ ਵਧੀਆ ਚੱਲ ਰਹੀ ਸੀ ਅਤੇ ਅਸੀਂ ਕਈ ਮੁੱਦਿਆਂ ‘ਤੇ ਸਹਿਮਤੀ ਬਣਾ ਰਹੇ ਸੀ। ਅੱਠਵੇਂ ਨੁਕਤੇ ‘ਤੇ ਸਹਿਮਤੀ ਬਣਨ ਤੋਂ ਬਾਅਦ, ਮੁੱਖ ਮੰਤਰੀ ਨੇ ਕਿਹਾ ਕਿ ਉਹ ਡਾਕਟਰ ਕੋਲ ਮੁਲਾਕਾਤ ਲਈ ਜਾਣਾ ਚਾਹੁੰਦੇ ਹਨ। ਫਿਰ ਉਸਨੇ 5 ਮਾਰਚ ਲਈ ਸਾਡੀਆਂ ਯੋਜਨਾਵਾਂ ਬਾਰੇ ਪੁੱਛਿਆ। ਉਸਨੇ ਕਿਹਾ ਕਿ ਅਸੀਂ ਗੱਲਬਾਤ ਕਰ ਰਹੇ ਹਾਂ; ਫਿਰ ਵੀ, ਤੁਸੀਂ ਵਿਰੋਧ ਕਿਉਂ ਜਾਰੀ ਰੱਖਣਾ ਚਾਹੁੰਦੇ ਹੋ? ਉਹ ਬਹੁਤ ਗੁੱਸੇ ਵਿੱਚ ਆ ਗਿਆ ਅਤੇ ‘ਜੋ ਕਰਨਾ ਹੈ ਕਰੋ’ ਇਹ ਕਹਿ ਕੇ ਮੀਟਿੰਗ ਵਿੱਚੋਂ ਬਾਹਰ ਚਲਾ ਗਿਆ… ਮੈਂ ਪ੍ਰਧਾਨ ਮੰਤਰੀ ਪੱਧਰ ‘ਤੇ ਗੱਲਬਾਤ ਕੀਤੀ ਹੈ ਪਰ ਮੈਂ ਕਦੇ ਕਿਸੇ ਨੇਤਾ ਨੂੰ ਇੰਨਾ ਗੁੱਸੇ ਵਿੱਚ ਨਹੀਂ ਦੇਖਿਆ। ਅਸੀਂ (5 ਮਾਰਚ ਨੂੰ) ਚੰਡੀਗੜ੍ਹ ਆਵਾਂਗੇ।”
ਕਿਸਾਨ ਆਗੂ ਰਮਿੰਦਰ ਪਾਟਿਲ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸਾਡੇ ਕੋਲ 18 ਮੰਗਾਂ ਦਾ ਇੱਕ ਮੈਮੋਰੰਡਮ ਸੀ, ਅਤੇ ਅਸੀਂ 8ਵੇਂ ਨੁਕਤੇ ‘ਤੇ ਪਹੁੰਚ ਗਏ ਸੀ ਜਦੋਂ ਉਨ੍ਹਾਂ ਨੇ ਸਾਨੂੰ ਸਿੱਧੇ ਤੌਰ ‘ਤੇ 5 ਮਾਰਚ ਨੂੰ ਵਿਰੋਧ ਪ੍ਰਦਰਸ਼ਨ ਨਾ ਕਰਨ ਲਈ ਕਿਹਾ। ਜੇਕਰ ਉਹ ਸਾਡੀਆਂ ਮੰਗਾਂ ਨਹੀਂ ਸੁਣਦਾ, ਤਾਂ ਸਾਨੂੰ ਬੋਲਣ ਦਾ ਅਧਿਕਾਰ ਹੈ। ਜੇਕਰ ਉਹ ਸੋਚਦੇ ਹਨ ਕਿ ਸਿਰਫ਼ ਇੱਕ ਮੀਟਿੰਗ ਕਰਨ ਨਾਲ ਹੀ ਚੀਜ਼ਾਂ ਖਤਮ ਹੋ ਜਾਣਗੀਆਂ, ਤਾਂ ਅਜਿਹਾ ਨਹੀਂ ਹੈ। ਮੁੱਖ ਮੰਤਰੀ ਵੱਲੋਂ ਦਿਖਾਇਆ ਗਿਆ ਵਿਵਹਾਰ ਨਿੰਦਣਯੋਗ ਸੀ। ਉਹ ਮੀਟਿੰਗ ਵਿਚਕਾਰੋਂ ਹੀ ਚਲਾ ਗਿਆ। ਮੁੱਖ ਮੰਤਰੀ ਨੂੰ ਇਸ ਤਰ੍ਹਾਂ ਦਾ ਵਿਵਹਾਰ ਨਹੀਂ ਕਰਨਾ ਚਾਹੀਦਾ। ਅਸੀਂ 5 ਮਾਰਚ ਨੂੰ ਵਾਪਸ ਆਵਾਂਗੇ ਅਤੇ ਮੁੱਖ ਮੰਤਰੀ ਨੂੰ ਸਾਡੇ ਨਾਲ ਬੈਠਣ ਲਈ ਮਜਬੂਰ ਕਰਾਂਗੇ… ਅਸੀਂ ਇੱਕ ਡੂੰਘਾਈ ਨਾਲ ਚਰਚਾ ਚਾਹੁੰਦੇ ਸੀ, ਅਤੇ ਜੇਕਰ ਉਹ ਸਾਡੀ ਚਰਚਾ ਨੂੰ ਘਟਾਉਣ ਜਾਂ ਨਿਰਦੇਸ਼ਤ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਅਸੀਂ ਇਸਨੂੰ ਸਵੀਕਾਰ ਨਹੀਂ ਕਰਾਂਗੇ… ਉਸਨੇ ਸਾਨੂੰ ਇਸ ਮੀਟਿੰਗ ਲਈ ਸੱਦਾ ਦਿੱਤਾ ਸੀ… ਅਸੀਂ ਅਣਮਿੱਥੇ ਸਮੇਂ ਲਈ ਵਿਰੋਧ ਪ੍ਰਦਰਸ਼ਨ ਕਰਾਂਗੇ।
ਵਿਰੋਧੀ ਧਿਰਾਂ ਨੇ ਕੀ ਕਿਹਾ
ਕਿਸਾਨਾਂ ਦੀ ਗ੍ਰਿਫਤਾਰੀ ‘ਤੇ ਬਿਕਰਮ ਮਜੀਠੀਆ ਬੋਲੇ “ਪਹਿਲਾਂ ਕਿਸਾਨਾਂ ਨਾਲ ਕੱਲ੍ਹ Bhagwant Mann ਵੱਲੋਂ ਬਦਤਮੀਜ਼ੀ , ਬਦਸਲ਼ੂਕੀ ਕੀਤੀ ਗਈ। ਹੁਣ ਸਵੇਰ ਤੋਂ ਪੂਰੇ ਪੰਜਾਬ ‘ਚੋਂ AAP ਸਰਕਾਰ ਦੇ ਹੁਕਮਾਂ ‘ਤੇ ਕਿਸਾਨਾਂ ਨੂੰ Punjab Police India ਵੱਲੋ ਗ੍ਰਿਫਤਾਰ ਕਰਨਾ ਬਹੁਤ ਹੀ ਮੰਦਭਾਗਾ ਹੈ। ਕਿਸਾਨਾਂ ਨੂੰ ਤਰੁੰਤ ਰਿਹਾਅ ਕਰੋਂ ਅਤੇ ਅੰਨਦਾਤੇ ਨਾਲ ਬਦਸਲੂਕੀ ਅਤੇ ਨਜਾਇਜ਼ ਗ੍ਰਿਫਤਾਰੀ ਦੀ ਭਗਵੰਤ ਮਾਨ ਨੂੰ ਤੁਰੰਤ ਮੁਆਫ਼ੀ ਮੰਗਣੀ ਚਾਹੀਦੀ ਹੈ।”
ਕਾਂਗਰਸ ਆਗੂ ਪ੍ਰਤਾਪ ਬਾਜਵਾ ਨੇ ਕਿਹਾ “ਪੰਜਾਬ ਵਾਸੀਓ ਜੋ ਹੱਥਾਂ ਨਾਲ ਦਿੱਤੀਆਂ ਗੰਢਾਂ ਸੀ, ਅੱਜ ਉਹੀ ਮੂੰਹ ਨਾਲ ਖੋਲਣੀਆਂ ਪੈ ਰਹੀਆਂ ਹਨ… ਹੁਣ ਹੰਭਲਾ ਮਾਰ ਕੇ ਅਜਿਹੀ ਬੇਈਮਾਨ ਲੀਡਰਸ਼ਿਪ ਨੂੰ ਬਦਲਣ ਦਾ ਸਮਾਂ ਆ ਗਿਆ ਹੈ।ਕੇਜਰੀਵਾਲ ਜੀ, ਹੁਣ ਤੁਹਾਡੇ ਨਾਲੋਂ ਵੱਧ ਵਿਪਾਸਨਾ ਅਤੇ ਯੋਗ ਦੀ ਜ਼ਰੂਰਤ ਮਾਨਸਿਕ ਤੌਰ ‘ਤੇ ਸੰਤੁਲਨ ਗਵਾ ਚੁੱਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੈ। ਕਿਸਾਨ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪ੍ਰਦਰਸ਼ਨ ਕਰ ਰਹੇ ਹਨ, ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਭ੍ਰਿਸ਼ਟ ਮੰਤਰੀਆਂ, ਵਿਧਾਇਕਾਂ ਅਤੇ ਅਫਸਰਾਂ ‘ਤੇ ਐਕਸ਼ਨ ਕਰੋ…. ਮੈਂ ਕਿਸਾਨ ਆਗੂਆਂ ਦੀ ਤੁਰੰਤ ਰਿਹਾਈ ਦੀ ਮੰਗ ਕਰਦਾ ਹਾਂ।”
ਮੁੱਖ ਮੰਤਰੀ ਦਾ ਐਕਸ਼ਨ ਮੋਡ
ਭਗਵੰਤ ਮਾਨ ਨੇ ਸਾਫ਼ ਕੀਤਾ ਕਿ ਉਹ ਪੰਜਾਬ ਵਿੱਚ ਧਰਨੇ-ਹੜਤਾਲਾਂ ਦੀ ਰਾਜਨੀਤੀ ਨੂੰ ਲੰਮਾ ਨਹੀਂ ਚੱਲਣ ਦੇਣਗੇ। ਕਿਸਾਨਾਂ ਅਤੇ ਤਹਿਸੀਲਦਾਰਾਂ ਵਲੋਂ ਵੈਧ ਮੰਗਾਂ ‘ਤੇ ਵਿਚਾਰ ਹੋ ਸਕਦੇ ਹਨ, ਪਰ ਜ਼ਬਰਦਸਤੀ ਰਾਜ ਨੂੰ ਠੱਪ ਕਰਨ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਹੋਏਗੀ।
ਦੱਸਣਯੋਗ ਹੈ ਕਿ ਸੀਐਮ ਦੀ ਸਖਤੀ ਤੋਂ ਬਾਅਦ ਕਈ ਤਹਿਸੀਲਦਾਰ ਕੰਮ ਤੇ ਵਾਪਸ ਆਉਣ ਲੱਗੇ ਹਨ, ਕਿਉਂਕਿ ਸੀਐਮ ਨੇ ਪੰਜ ਵਜੇ ਤੱਕ ਦੀ ਡੈਡ ਲਾਈਨ ਦਿੱਤੀ ਸੀ।
