ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੀ ਸਿਵਲ ਲਾਈਨ ਪੁਲਿਸ ਨੇ ਕੋਰਟ ਰੋਡ ‘ਤੇ ਹੋਈ ਵੱਡੀ ਚੋਰੀ ਦੇ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਬਰਾਮਦੀ ਕੀਤੀ ਹੈ। ਪੁਲਿਸ ਨੇ ਬਲਰਾਮ ਸਿੰਘ ਉਰਫ ਬੱਲੂ ਨੂੰ ਗ੍ਰਿਫਤਾਰ ਕਰਕੇ 826 ਗ੍ਰਾਮ ਸੋਨੇ ਦੇ ਜੇਵਰਾਤ, 200 ਗ੍ਰਾਮ ਚਾਂਦੀ ਅਤੇ 2.5 ਲੱਖ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਹੈ।
ਮਿਲੀ ਜਾਣਕਾਰੀ ਮੁਤਾਬਕ, ਬਲਰਾਮ ਸਿੰਘ ਉਰਫ ਬੱਲੂ ਪਹਿਲਾਂ ਵੀ ਕਈ ਗੰਭੀਰ ਮਾਮਲਿਆਂ ‘ਚ ਸ਼ਾਮਲ ਰਿਹਾ ਹੈ। ਇਸਦੇ ਖਿਲਾਫ ਕਪੂਰਥਲਾ, ਜਲੰਧਰ ਤੇ ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ, ਆਰਮਜ਼ ਐਕਟ, ਇਰਾਦਾ-ਏ-ਕਤਲ ਅਤੇ ਚੋਰੀ ਵਰਗੇ ਪੰਜ ਕੇਸ ਦਰਜ ਹਨ। ਇਹ ਚੋਰੀ ਪਿਛਲੇ ਸਾਲ 26 ਜੂਨ 2024 ਨੂੰ ਹੋਈ ਸੀ, ਜਦੋਂ ਚੋਰ ਕੋਰਟ ਰੋਡ ‘ਤੇ ਰਹਿਣ ਵਾਲੇ ਆੜਤੀ ਦੇ ਘਰ ‘ਚ ਦਾਖਲ ਹੋਏ ਸਨ।
ਚੋਰਾਂ ਨੇ ਘਰ ਦੇ ਮਾਲਕ ਅਤੇ ਉਸਦੀ ਪਤਨੀ ਨੂੰ ਬੇਹੋਸ਼ ਕਰਕੇ ਬੰਨ੍ਹ ਲਿਆ ਅਤੇ 95 ਲੱਖ ਰੁਪਏ, 3 ਕਿਲੋ ਸੋਨਾ, ਇੱਕ ਲਾਇਸੰਸੀ .32 ਬੋਰ ਰਿਵਾਲਵਰ, ਕਾਰ ਅਤੇ ਸਕੂਟੀ ਲੈ ਗਏ। ਪੁਲਿਸ ਨੇ ਪਹਿਲਾਂ ਹੀ 9 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 49 ਲੱਖ ਰੁਪਏ, ਸੋਨਾ, ਚਾਂਦੀ, ਇੱਕ ਕਾਰ, ਮੋਟਰਸਾਈਕਲ ਅਤੇ .32 ਬੋਰ ਰਿਵਾਲਵਰ ਬਰਾਮਦ ਕਰ ਲਈ ਸੀ।
ਹੁਣ, ਤਫਤੀਸ਼ ਦੌਰਾਨ ਬਲਰਾਮ ਸਿੰਘ ਦਾ ਨਾਮ ਸਾਹਮਣੇ ਆਉਣ ‘ਤੇ ਪੁਲਿਸ ਨੇ ਉਸਨੂੰ ਕੇਂਦਰੀ ਜੇਲ੍ਹ ਕਪੂਰਥਲਾ ਤੋਂ ਵਾਰੰਟ ‘ਤੇ ਗ੍ਰਿਫਤਾਰ ਕੀਤਾ। ਪੁੱਛਗਿੱਛ ਦੌਰਾਨ, ਉਸ ਦੀ ਨਿਸ਼ਾਨਦੇਹੀ ‘ਤੇ 826 ਗ੍ਰਾਮ ਸੋਨਾ, 200 ਗ੍ਰਾਮ ਚਾਂਦੀ ਅਤੇ 2.5 ਲੱਖ ਰੁਪਏ ਬਰਾਮਦ ਕੀਤੇ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਠੱਗੀ ਗੈਂਗ ਲੰਬੇ ਸਮੇਂ ਤੋਂ ਸਰਗਰਮ ਸੀ। ਅੰਮ੍ਰਿਤਸਰ ਪੁਲਿਸ ਦੀ ਟੀਮ, ਜਿਸ ਵਿੱਚ ਇੰਸਪੈਕਟਰ ਗੁਰਪ੍ਰੀਤ ਸਿੰਘ ਅਤੇ ਏ.ਐਸ.ਆਈ. ਜਸਕਰਨ ਸਿੰਘ ਸ਼ਾਮਲ ਸਨ, ਨੇ ਇਹ ਵੱਡੀ ਕਾਰਵਾਈ ਕੀਤੀ। ਪੁਲਿਸ ਹੁਣ ਵੀ ਹੋਰ ਦੋਸ਼ੀਆਂ ਦੀ ਤਲਾਸ਼ ਜਾਰੀ ਰੱਖੀ ਹੋਈ ਹੈ।
