133 ਸਫ਼ਾਈ ਕਰਮਚਾਰੀਆਂ ਦੇ ਬਾਵਜੂਦ ਜਗਰਾਉਂ ਦੇ ਕਈ ਮੁਹੱਲਿਆਂ ‘ਚ ਕੂੜਾ ਨਾ ਚੁੱਕੇ ਜਾਣ ਦੀਆਂ ਸ਼ਿਕਾਇਤਾਂ

ਗੁਰਪ੍ਰੀਤ ਸਿੰਘ :- ਜਗਰਾਉਂ ਸ਼ਹਿਰ ਵਿੱਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਮੁਹੱਲਾ ਨਿਵਾਸੀਆਂ ਵੱਲੋਂ ਚਿੰਤਾ ਜਤਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ਵਿੱਚ ਕੂੜਾ ਨਿਯਮਤ ਤੌਰ ’ਤੇ ਨਾ ਚੁੱਕੇ ਜਾਣ ਕਾਰਨ ਗਲੀਆਂ ਅਤੇ ਜਨਤਕ ਥਾਵਾਂ ’ਤੇ ਗੰਦਗੀ ਇਕੱਠੀ ਹੋ ਰਹੀ ਹੈ।

ਨਗਰ ਕੌਂਸਲ ਦੇ ਰਿਕਾਰਡ ਅਨੁਸਾਰ ਕੱਚੇ ਅਤੇ ਪੱਕੇ ਮਿਲਾ ਕੇ ਕੁੱਲ 133 ਸਫ਼ਾਈ ਕਰਮਚਾਰੀ ਤਾਇਨਾਤ ਹਨ। ਇਸ ਦੇ ਬਾਵਜੂਦ ਕੁਝ ਮੁਹੱਲਿਆਂ ਵਿੱਚ ਸਫ਼ਾਈ ਸੇਵਾ ਪ੍ਰਭਾਵਿਤ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਕਾਰਨ ਸਫ਼ਾਈ ਕਰਮਚਾਰੀਆਂ ਦੀ ਵਾਰਡ-ਵਾਈਜ਼ ਤਾਇਨਾਤੀ ਅਤੇ ਉਨ੍ਹਾਂ ਦੀਆਂ ਡਿਊਟੀਆਂ ਨੂੰ ਲੈ ਕੇ ਚਰਚਾ ਛਿੜੀ ਹੋਈ ਹੈ।

ਸਥਾਨਕ ਪੱਧਰ ’ਤੇ ਇਹ ਦਾਅਵੇ ਵੀ ਕੀਤੇ ਜਾ ਰਹੇ ਹਨ ਕਿ ਕਈ ਵਾਰ ਸਫ਼ਾਈ ਕਰਮਚਾਰੀਆਂ ਦੀ ਡਿਊਟੀ ਨਿਯਮਤ ਮੁਹੱਲਾ ਸਫ਼ਾਈ ਤੋਂ ਇਲਾਵਾ ਸਰਕਾਰੀ ਦਫ਼ਤਰਾਂ ਜਾਂ ਹੋਰ ਪ੍ਰਬੰਧਕੀ ਕੰਮਾਂ ਲਈ ਲਗਾਈ ਜਾਂਦੀ ਹੈ। ਇਸ ਕਾਰਨ ਕਿਸੇ ਵਾਰਡ ਵਿੱਚ ਉਪਲਬਧ ਸਫ਼ਾਈ ਅਮਲੇ ’ਤੇ ਅਸਥਾਈ ਤੌਰ ’ਤੇ ਪ੍ਰਭਾਵ ਪੈਣ ਦੀ ਸੰਭਾਵਨਾ ਬਾਰੇ ਸਵਾਲ ਉੱਠ ਰਹੇ ਹਨ। ਇਨ੍ਹਾਂ ਦਾਅਵਿਆਂ ਦੀ ਸੁਤੰਤਰ ਪੁਸ਼ਟੀ ਨਹੀਂ ਹੋ ਸਕੀ।

ਕਾਰਜ ਸਾਧਕ ਅਧਿਕਾਰੀ ਨੇ ਕੀ ਕਿਹਾ?

ਸਫ਼ਾਈ ਸੇਵਕਾਂ ਵੱਲੋਂ ਮੁਹੱਲਿਆਂ ਵਿੱਚੋਂ ਕੂੜਾ ਪੂਰੀ ਤਰ੍ਹਾਂ ਇਕੱਠਾ ਨਾ ਕਰਨ ਦੇ ਕਾਰਨਾਂ ਬਾਰੇ ਜਦੋਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਮੋਹਿਤ ਸ਼ਰਮਾ ਨਾਲ ਫੋਨ ਰਾਹੀਂ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਆਉਣ ਵਾਲੇ ਸਮੇਂ ਵਿੱਚ ਵੀ ਨਿਰੰਤਰ ਜਾਰੀ ਰਹੇਗੀ।

ਉਨ੍ਹਾਂ ਦੱਸਿਆ ਕਿ ਸਫ਼ਾਈ ਸੇਵਕਾਂ ਵੱਲੋਂ ਮੁਹੱਲਿਆਂ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਫ਼ਾਈ ਕੀਤੀ ਜਾ ਰਹੀ ਹੈ ਅਤੇ ਕੂੜਾ ਵੀ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਕਿਸੇ ਸਮੇਂ ਕਿਸੇ ਇੱਕ ਵਾਰਡ ਵਿੱਚ ਤਾਇਨਾਤ ਸਫ਼ਾਈ ਸੇਵਕਾਂ ਦੀ ਡਿਊਟੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਿਸ਼ਨ ਕਲੀਨ ਪੰਜਾਬ’ ਤਹਿਤ ਬਣਾਈਆਂ ਗਈਆਂ ਟੀਮਾਂ ਵਿੱਚ ਲਗਾਈ ਗਈ ਹੋਵੇ, ਜਿਸ ਕਾਰਨ ਉਹ ਉਸ ਸਮੇਂ ਸਬੰਧਤ ਮੁਹੱਲੇ ਵਿੱਚ ਸਫ਼ਾਈ ਜਾਂ ਕੂੜਾ ਇਕੱਠਾ ਕਰਨ ਲਈ ਨਾ ਪਹੁੰਚੇ ਹੋਣ।

ਮੋਹਿਤ ਸ਼ਰਮਾ ਨੇ ਮੁਹੱਲਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਇਲਾਕੇ ਵਿੱਚ ਸਫ਼ਾਈ ਸੇਵਕ ਨਹੀਂ ਪਹੁੰਚ ਰਹੇ ਤਾਂ ਇਸ ਬਾਰੇ ਨਗਰ ਕੌਂਸਲ ਨੂੰ ਜਾਣਕਾਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਸੂਚਨਾ ਮਿਲਣ ’ਤੇ ਸਬੰਧਤ ਇਲਾਕੇ ਵਿੱਚ ਸਫ਼ਾਈ ਸੇਵਕਾਂ ਦੀ ਡਿਊਟੀ ਪਹਿਲ ਦੇ ਆਧਾਰ ’ਤੇ ਲਗਾਈ ਜਾਵੇਗੀ ਅਤੇ ‘ਮਿਸ਼ਨ ਕਲੀਨ ਪੰਜਾਬ’ ਮੁਹਿੰਮ ਨੂੰ ਜ਼ਮੀਨੀ ਪੱਧਰ ’ਤੇ ਯਕੀਨੀ ਬਣਾਉਣ ਦੇ ਯਤਨ ਕੀਤੇ ਜਾਣਗੇ।

ਪ੍ਰਧਾਨ ਦਾ ਪੱਖ ਨਹੀਂ ਮਿਲ ਸਕਿਆ

ਇਸੇ ਮਾਮਲੇ ਸਬੰਧੀ ਨਗਰ ਕੌਂਸਲ ਦੇ ਮੌਜੂਦਾ ਕੌਂਸਲ ਦੇ ਮੌਜੂਦਾ ਪ੍ਰਧਾਨ ਕੰਵਰਪਾਲ ਸਿੰਘ ਨਾਲ ਵੀ ਫੋਨ ਰਾਹੀਂ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ, ਪਰ ਰਿਪੋਰਟ ਤਿਆਰ ਹੋਣ ਤੱਕ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ

By Gurpreet Singh

Leave a Reply

Your email address will not be published. Required fields are marked *