ਗੁਰਪ੍ਰੀਤ ਸਿੰਘ :- ਜਲੰਧਰ ਦੇ ਸਾਬਕਾ ਮੰਤਰੀ ਅਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਪਿਤਾ ਭਗਤ ਚੁੰਨੀ ਲਾਲ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 93 ਸਾਲ ਦੀ ਉਮਰ ਵਿੱਚ ਆਪਣੇ ਘਰ ਵਿੱਚ ਹੀ ਆਖਰੀ ਸਾਹ ਲਏ।
ਭਗਤ ਚੁੰਨੀ ਲਾਲ ਜਲੰਧਰ ਪੱਛਮੀ ਦੀ ਰਾਜਨੀਤੀ ਵਿੱਚ ਲੰਬੇ ਸਮੇਂ ਤੋਂ ਇੱਕ ਨਾਮੀ ਹਸਤੀ ਸਨ। ਉਹ ਅਕਾਲੀ-ਬੀਜੇਪੀ ਸਰਕਾਰ ਵੇਲੇ ਪੰਜਾਬ ਸਰਕਾਰ ਵਿੱਚ ਜੰਗਲਾਤ ਅਤੇ ਜੰਗਲੀ ਜੀਵ ਅਤੇ ਕਿਰਤ ਮੰਤਰੀ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ ਜਲੰਧਰ ਤੋਂ ਬੀਜੇਪੀ ਵੱਲੋਂ ਤਿੰਨ ਵਾਰ ਵਿਧਾਇਕ ਵੀ ਬਣੇ। ਭਗਤ ਚੁੰਨੀ ਲਾਲ ਦਾ ਜਨਮ 1 ਦਸੰਬਰ, 1932 ਨੂੰ ਸਿਆਲਕੋਟ (ਮੌਜੂਦਾ ਪਾਕਿਸਤਾਨ) ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਮਹੰਗਾ ਰਾਮ ਸੀ ਅਤੇ ਉਨ੍ਹਾਂ ਦੀ ਮਾਤਾ ਦਾ ਨਾਮ ਰੁਕਮਣੀ ਦੇਵੀ ਸੀ। ਉਨ੍ਹਾਂ ਦਸਵੀਂ ਤੱਕ ਪੜ੍ਹਾਈ ਕੀਤੀ, ਅਤੇ ਵੰਡ ਤੋਂ ਬਾਅਦ, ਪਰਿਵਾਰ ਜਲੰਧਰ ਵਿੱਚ ਵਸ ਗਿਆ।
ਭਾਜਪਾ ਨੇਤਾ ਸ਼ੀਤਲ ਅੰਗੁਰਾਲ ਨੇ ਇੱਕ ਫੇਸਬੁੱਕ ਪੋਸਟ ਵਿੱਚ ਭਗਤ ਚੁੰਨੀ ਲਾਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ। ਇਸ ਤੋਂ ਇਲਾਵਾ ਸਮਾਜਿਕ, ਰਾਜਨੀਤਿਕ ਅਤੇ ਵਪਾਰਕ ਸੰਗਠਨਾਂ ਨੇ ਭਗਤ ਚੁੰਨੀ ਲਾਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ।
