ਚੰਡੀਗੜ੍ਹ : ਪੰਜਾਬ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਆਊਟਸੋਰਸਡ ਠੇਕਾ ਮੁਲਾਜ਼ਮਾਂ ਨੂੰ ਸਿੱਧਾ ਵਿਭਾਗ ਵਿੱਚ ਰੈਗੂਲਰ ਕਰਨ, ਘੱਟੋ ਘੱਟ ਗੁਜ਼ਾਰੇਯੋਗ ਤਨਖਾਹ 1948 ਦੇ ਕਾਨੂੰਨ ਜਾਂ 15ਵੀਂ ਲੇਬਰ ਕਾਨਫਰੰਸ ਤਹਿਤ ਲਾਗੂ ਕਰਨ, ਠੇਕੇਦਾਰੀ ਪ੍ਰਥਾ ਅਤੇ ਨਿੱਜੀਕਰਨ ਨੂੰ ਰੱਦ ਕਰਨ, ਅਤੇ ਕਰੰਟ ਲੱਗਣ ਕਾਰਨ ਜਾਨ ਗਵਾ ਚੁੱਕੇ ਜਾਂ ਅਪਾਹਜ ਹੋ ਚੁੱਕੇ ਕਾਮਿਆਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਪੈਨਸ਼ਨ ਦੀ ਗਰੰਟੀ ਦੇਣ ਦੀ ਮੰਗ ਕਰ ਰਹੇ ਹਨ।
ਇਹ ਜਾਣਕਾਰੀ ਸਾਂਝੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਬਲਿਹਾਰ ਸਿੰਘ ਕਟਾਰੀਆਂ, ਜਨਰਲ ਸਕੱਤਰ ਰਾਜੇਸ਼ ਕੁਮਾਰ ਮੌੜ, ਸਹਾਇਕ ਸਕੱਤਰ ਟੇਕ ਚੰਦ, ਦਫਤਰੀ ਸਕੱਤਰ ਸ਼ੇਰ ਸਿੰਘ ਅਤੇ ਪ੍ਰੈਸ ਸਕੱਤਰ ਇੰਦਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਅਤੇ ਹੁਣ ਸਰਕਾਰ ਨੂੰ ਫੈਸਲਾ ਕਰਨਾ ਪਵੇਗਾ।
ਪਿਛਲੇ ਦਿਨੀਂ ਵਿੱਤ ਮੰਤਰੀ ਨਾਲ ਹੋਈ ਗੱਲਬਾਤ ਤੋਂ ਬਾਅਦ ਅੱਜ ਯੂਨੀਅਨ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨਾਲ ਵੀ ਮੀਟਿੰਗ ਕੀਤੀ। ਮੀਟਿੰਗ ਪੁਲਿਸ ਅਕੈਡਮੀ ਫਲੋਰ ਵਿਖੇ ਹੋਈ, ਜਿਥੇ ਮੁੱਖ ਮੰਤਰੀ ਦੀ ਤਬੀਅਤ ਠੀਕ ਨਾ ਹੋਣ ਕਰਕੇ ਉਨ੍ਹਾਂ ਨੇ ਪੀਸੀ ਰਾਹੀਂ ਭਾਗ ਲਿਆ, ਜਦਕਿ ਬਿਜਲੀ ਮੰਤਰੀ ਹਰਭਜਨ ਸਿੰਘ, ਚੀਫ ਸੈਕਟਰੀ, ਵਿਭਾਗੀ ਸੀਐਮਡੀ ਅਤੇ ਹੋਰ ਉੱਚ ਅਧਿਕਾਰੀ ਮੌਜੂਦ ਰਹੇ।
ਇਸ ਮੀਟਿੰਗ ਵਿੱਚ, ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਦੇ ਸਾਹਮਣੇ ਮੁਖ ਮੰਗਾਂ ਰੱਖੀਆਂ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਕੇ ਉਨ੍ਹਾਂ ਨੂੰ ਭਰੋਸੇਯੋਗ ਰੁਜ਼ਗਾਰ ਮਿਲੇ, ਤਨਖਾਹਾਂ ਵਿੱਚ ਵਾਧਾ ਹੋਵੇ, ਅਤੇ ਕਰੰਟ ਲੱਗਣ ਨਾਲ ਮਾਰੇ ਜਾਂ ਅਪਾਹਜ ਹੋਏ ਕਾਮਿਆਂ ਦੇ ਪਰਿਵਾਰਾਂ ਨੂੰ ਸੁਰੱਖਿਆ ਮਿਲੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਯਕੀਨ ਦਿਵਾਇਆ ਕਿ ਮੰਗਾਂ ਨੂੰ ਸੰਜੀਦਗੀ ਨਾਲ ਲੈ ਕੇ ਉਨ੍ਹਾਂ ਦੇ ਨਿਪਟਾਰੇ ਲਈ ਡਰਾਫਟ ਤਿਆਰ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਕੰਮ ਦੀ ਜ਼ਿੰਮੇਵਾਰੀ ਬਿਜਲੀ ਮੰਤਰੀ ਨੂੰ ਸੌਂਪ ਦਿੱਤੀ ਅਤੇ ਕਿਹਾ ਕਿ 15 ਦਿਨਾਂ ਅੰਦਰ ਅੰਦਰ ਮੁੜ ਯੂਨੀਅਨ ਨਾਲ ਮੀਟਿੰਗ ਕਰਕੇ ਅੱਗੇ ਦਾ ਰਾਹ ਨਿਰਧਾਰਤ ਕੀਤਾ ਜਾਵੇਗਾ।
ਮੀਟਿੰਗ ਤੋਂ ਬਾਅਦ, ਮੈਨੇਜਰ ਆਈਆਰ, ਪੀਐਸਪੀਸੀਐਲ ਵੱਲੋਂ ਲਿਖਤੀ ਅਸ਼ਵਾਸਨ ਵੀ ਜਾਰੀ ਕੀਤਾ ਗਿਆ ਹੈ। ਯੂਨੀਅਨ ਵੱਲੋਂ ਫਿਲਹਾਲ ਆਪਣਾ ਹੜਤਾਲ ਪ੍ਰੋਗਰਾਮ ਅੱਗੇ ਪਾ ਦਿੱਤਾ ਗਿਆ ਹੈ, ਪਰ ਚੇਤਾਵਨੀ ਦਿੱਤੀ ਹੈ ਕਿ ਜੇਕਰ 15 ਦਿਨਾਂ ਦੇ ਅੰਦਰ ਮਸਲਾ ਹੱਲ ਨਹੀਂ ਕੀਤਾ ਗਿਆ, ਤਾਂ ਸਮੂਹ ਸੀਐਚਬੀ ਠੇਕਾ ਮੁਲਾਜ਼ਮ ਹੜਤਾਲ ‘ਚ ਜਾਣ ਲਈ ਮਜਬੂਰ ਹੋਣਗੇ।
