ਗੁਰਪ੍ਰੀਤ ਸਿੰਘ :- ਲੁਧਿਆਣਾ ‘ਚ ਦੋਹਰੇ ਕਤਲ ਕੇਸ ਦੇ ਸਨਸਨੀਖੇਜ਼ ਮਾਮਲੇ ‘ਚ ਅਦਾਲਤ ਨੇ ਇੱਕ ਵੱਡਾ ਫੈਸਲਾ ਸੁਣਾਇਆ ਹੈ। ਵਧੀਕ ਸੈਸ਼ਨ ਜੱਜ ਡਾ. ਰਜਨੀਸ਼ ਦੀ ਅਦਾਲਤ ਨੇ ਇੱਕ 36 ਸਾਲਾ ਵਿਅਕਤੀ ਅਤੇ ਮਹਿਲਾ ਦੇ ਕਤਲ ਮਾਮਲੇ ‘ਚ ਇੱਕ ਔਰਤ ਸਮੇਤ ਤਿੰਨ ਆਰੋਪੀਆਂ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਤਿੰਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ 10,000 ਰੁਪਏ ਦਾ ਜੁਰਮਾਨਾ ਲਗਾਇਆ ਹੈ। ਦੋਸ਼ੀਆਂ ਦੀ ਪਛਾਣ ਗੋਪੀ ਚੰਦ ਉਰਫ਼ ਗੋਪੀ, ਅਹਿਮਦ ਅੰਸਾਰੀ ਅਤੇ ਉਸਦੀ ਪਤਨੀ ਕਿਰਨ ਦੇਵੀ ਵਾਸੀ ਸਤਜੋਤ ਨਗਰ ਵਜੋਂ ਹੋਈ ਹੈ।
2022 ਵਿੱਚ ਵਾਪਰੀ ਸੀ ਇਹ ਘਟਨਾ
ਇਹ ਘਟਨਾ 20 ਨਵੰਬਰ 2022 ਦੀ ਹੈ। ਮ੍ਰਿਤਕਾਂ ਦੀ ਪਛਾਣ 36 ਸਾਲਾ ਰਵੀ ਵਾਸੀ ਬਸੰਤ ਐਵੇਨਿਊ ਸਥਿਤ ਸਤਜੋਤ ਨਗਰ ਅਤੇ ਉਸਦੀ 60 ਸਾਲਾ ਸੱਸ ਨੂਰ ਜਹਾਂ ਵਜੋਂ ਹੋਈ ਹੈ। ਐਫਆਈਆਰ ਰਵੀ ਦੀ ਪਤਨੀ ਰਵੀਨਾ ਦੇ ਬਿਆਨ ਦੇ ਆਧਾਰ ‘ਤੇ ਦਰਜ ਕੀਤੀ ਗਈ ਸੀ।
ਸ਼ਰਾਬ ਪੀਣ ਦੌਰਾਨ ਹੋਇਆ ਸੀ ਝਗੜਾ
ਰਵੀਨਾ ਦੇ ਅਨੁਸਾਰ ਆਰੋਪੀ ਉਨ੍ਹਾਂ ਦੇ ਪਰਿਵਾਰ ਨਾਲ ਲੇਬਰ ਕੁਆਰਟਰਾਂ ਵਿੱਚ ਰਹਿੰਦੇ ਸੀ। 17 ਸਤੰਬਰ 2022 ਨੂੰ ਉਸਦਾ ਪਤੀ ਰਵੀ ਆਪਣੇ ਕਮਰੇ ਦੇ ਬਾਹਰ ਸ਼ਰਾਬ ਪੀ ਰਿਹਾ ਸੀ, ਜਦੋਂ ਕਿ ਗੋਪੀ ਚੰਦ ਵੀ ਆਪਣੇ ਕਮਰੇ ਦੇ ਬਾਹਰ ਸ਼ਰਾਬ ਪੀ ਰਿਹਾ ਸੀ। ਆਰੋਪ ਹੈ ਕਿ ਪੁਰਾਣੀ ਰੰਜਿਸ਼ ਕਾਰਨ ਗੋਪੀ ਚੰਦ ਨੇ ਰਵੀ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸ ‘ਤੇ ਘੂਰਨ ਦਾ ਆਰੋਪ ਲਗਾਇਆ।
ਜਦੋਂ ਰਵੀ ਨੇ ਵਿਰੋਧ ਕੀਤਾ ਤਾਂ ਗੋਪੀ ਚੰਦ ਨੇ ਆਪਣੇ ਦੋਸਤਾਂ, ਅਹਿਮਦ ਅਤੇ ਕਿਰਨ ਨੂੰ ਮੌਕੇ ‘ਤੇ ਬੁਲਾਇਆ। ਰਵੀਨਾ ਨੇ ਕਿਹਾ ਕਿ ਤਿੰਨਾਂ ਆਰੋਪੀਆਂ ਨੇ ਉਸਦੇ ਪਤੀ ‘ਤੇ ਡੰਡਿਆਂ ਅਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ। ਉਸਦੀ ਮਾਂ ਨੂਰ ਜਹਾਂ ਨੂੰ ਵੀ ਮੁਲਜ਼ਮਾਂ ਨੇ ਬੇਰਹਿਮੀ ਨਾਲ ਕੁੱਟਿਆ। ਘਟਨਾ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ ਅਤੇ ਰਵੀ ਅਤੇ ਉਸਦੀ ਮਾਂ ਜ਼ਖਮੀ ਹੋ ਗਏ।
ਰਵੀਨਾ ਦੋਵਾਂ ਨੂੰ ਹਸਪਤਾਲ ਲੈ ਗਈ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ। ਹਾਲਾਂਕਿ, ਬਾਅਦ ਵਿੱਚ ਉਨ੍ਹਾਂ ਦੀ ਹਾਲਤ ਵਿਗੜ ਗਈ। ਫਿਰ ਉਨ੍ਹਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਰਵੀ ਅਤੇ ਨੂਰ ਜਹਾਂ ਦੀ ਮੌਤ ਹੋ ਗਈ।
ਮੁਕੱਦਮੇ ਦੌਰਾਨ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਅਤੇ ਸਬੂਤਾਂ ਦੀ ਜਾਂਚ ਕਰਨ ਤੋਂ ਬਾਅਦ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਦੋਹਰੇ ਕਤਲ ਦਾ ਦੋਸ਼ੀ ਪਾਇਆ। ਅਦਾਲਤ ਨੇ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਗਾਇਆ।
