ਗੁਰਪ੍ਰੀਤ ਸਿੰਘ :-ਅੱਜ ਤੋਂ ਨਵੇਂ ਵਿੱਤੀ ਸਾਲ 2026-27 ਦੀ ਸ਼ੁਰੂਆਤ ਹੋ ਗਈ ਹੈ ਪਰ ਪਹਿਲੇ ਹੀ ਦਿਨ ਆਮ ਜਨਤਾ ਅਤੇ ਕਾਰੋਬਾਰੀਆਂ ਨੂੰ ਮਹਿੰਗਾਈ ਦਾ ਜ਼ੋਰਦਾਰ ਝਟਕਾ ਲੱਗਿਆ ਹੈ। ਤੇਲ ਕੰਪਨੀਆਂ ਨੇ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ₹218 ਤੱਕ ਦਾ ਭਾਰੀ ਵਾਧਾ ਕਰ ਦਿੱਤਾ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ (14.2 ਕਿਲੋ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਮੁਤਾਬਕ ਨਵੀਆਂ ਕੀਮਤਾਂ ਅੱਜ ਯਾਨੀ 1 ਅਪ੍ਰੈਲ 2026 ਤੋਂ ਲਾਗੂ ਹੋ ਗਈਆਂ ਹਨ।
ਮਹਾਨਗਰਾਂ ਵਿੱਚ ਹੁਣ ਕੀ ਹੋਣਗੇ ਨਵੇਂ ਰੇਟ?
ਦਿੱਲੀ: ਸਿਲੰਡਰ ₹195.5 ਮਹਿੰਗਾ ਹੋ ਕੇ ਹੁਣ ₹2078.50 ਦਾ ਹੋ ਗਿਆ ਹੈ।
ਕੋਲਕਾਤਾ: ਇੱਥੇ ਸਭ ਤੋਂ ਵੱਧ ₹218 ਦਾ ਵਾਧਾ ਹੋਇਆ ਹੈ, ਨਵੀਂ ਕੀਮਤ ₹2208 ਹੈ।
ਮੁੰਬਈ: ₹196 ਦੇ ਵਾਧੇ ਨਾਲ ਹੁਣ ₹2031 ਵਿੱਚ ਮਿਲੇਗਾ ਸਿਲੰਡਰ।
ਚੇਨਈ: ਕੀਮਤ ₹203 ਵਧ ਕੇ ₹2246.50 ‘ਤੇ ਪਹੁੰਚ ਗਈ ਹੈ।
4 ਮਹੀਨਿਆਂ ਵਿੱਚ 5ਵੀਂ ਵਾਰ ਵਧੀਆਂ ਕੀਮਤਾਂ
ਕਮਰਸ਼ੀਅਲ ਗੈਸ ਦੀਆਂ ਕੀਮਤਾਂ ਵਿੱਚ ਲਗਾਤਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 4 ਮਹੀਨਿਆਂ ਵਿੱਚ ਇਹ 5ਵੀਂ ਵਾਰ ਹੈ, ਜਦੋਂ ਰੇਟ ਵਧਾਏ ਗਏ ਹਨ। ਇਸ ਤੋਂ ਪਹਿਲਾਂ ਜਨਵਰੀ ਵਿੱਚ ₹111, ਫਰਵਰੀ ਵਿੱਚ ₹49, 1 ਮਾਰਚ ਨੂੰ ₹28 ਅਤੇ 7 ਮਾਰਚ ਨੂੰ ₹114.5 ਦਾ ਵਾਧਾ ਕੀਤਾ ਗਿਆ ਸੀ। ਇਸ ਵਾਧੇ ਦਾ ਮੁੱਖ ਕਾਰਨ ਵਿਸ਼ਵ ਪੱਧਰ ‘ਤੇ ਚੱਲ ਰਿਹਾ ਊਰਜਾ ਸੰਕਟ ਹੈ। ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਕਾਰਨ ਸਮੁੰਦਰੀ ਮਾਰਗ (ਹੋਰਮੁਜ਼ ਸਟ੍ਰੇਟ) ਪ੍ਰਭਾਵਿਤ ਹੋਇਆ ਹੈ। ਸਪਲਾਈ ਵਿੱਚ ਕਮੀ ਕਾਰਨ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ਅਸਮਾਨੀ ਚੜ੍ਹ ਰਹੀਆਂ ਹਨ।
ਘਰੇਲੂ ਸਿਲੰਡਰ ਦੇ ਗਾਹਕਾਂ ਨੂੰ ਰਾਹਤ
14.2 ਕਿਲੋ ਵਾਲੇ ਘਰੇਲੂ LPG ਸਿਲੰਡਰ ਦੀਆਂ ਕੀਮਤਾਂ ਸਥਿਰ ਹਨ। ਦਿੱਲੀ ਵਿੱਚ ਬਿਨਾਂ ਸਬਸਿਡੀ ਵਾਲਾ ਘਰੇਲੂ ਸਿਲੰਡਰ ₹913 ਵਿੱਚ ਮਿਲ ਰਿਹਾ ਹੈ। ਇਸ ਵਿੱਚ ਆਖਰੀ ਬਦਲਾਅ 7 ਮਾਰਚ 2026 ਨੂੰ ਹੋਇਆ ਸੀ, ਜਦੋਂ ਕੀਮਤ ₹60 ਵਧਾਈ ਗਈ ਸੀ। ਕਮਰਸ਼ੀਅਲ ਸਿਲੰਡਰ ਦਾ ਇਸਤੇਮਾਲ ਹੋਟਲ, ਰੈਸਟੋਰੈਂਟ ਅਤੇ ਢਾਬਿਆਂ ਵਿੱਚ ਹੁੰਦਾ ਹੈ। ਕੀਮਤਾਂ ਵਧਣ ਨਾਲ ਹੁਣ ਬਾਹਰ ਖਾਣਾ-ਪੀਣਾ ਮਹਿੰਗਾ ਹੋ ਸਕਦਾ ਹੈ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ‘ਤੇ ਪਵੇਗਾ।
