ਸ਼੍ਰੋਮਣੀ ਕਮੇਟੀ ਵਿਰੁੱਧ ਦਮਦਮੀ ਟਕਸਾਲ ਦਾ ਵੱਡਾ ਰੋਸ, 15 ਅਪ੍ਰੈਲ ਤੱਕ ਅਲਟੀਮੇਟਮ

ਨੈਸ਼ਨਲ ਟਾਈਮਜ਼ ਬਿਊਰੋ :- ਸ਼੍ਰੋਮਣੀ ਕਮੇਟੀ ਵੱਲੋਂ ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਸੇਵਾਮੁਕਤ ਕਰਨ ਦੇ ਫ਼ੈਸਲੇ ਨੇ ਸਿੱਖ ਜਥੇਬੰਦੀਆਂ ਵਿਚ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ। ਇਸ ਦੇ ਵਿਰੋਧ ਵਿਚ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਦੀ ਅਗਵਾਈ ਹੇਠ ਹਜ਼ਾਰਾਂ ਸਿੱਖ ਸੰਗਤ ਨੇ ਰੋਸ ਮਾਰਚ ਕੱਢਿਆ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ 15 ਅਪ੍ਰੈਲ ਤੱਕ ਦਾ ਅਲਟੀਮੇਟਮ ਦਿੰਦਿਆਂ ਜਥੇਦਾਰਾਂ ਦੀ ਬਹਾਲੀ ਅਤੇ ਵਿਧੀ-ਵਿਧਾਨ ਬਣਾਉਣ ਦੀ ਮੰਗ ਕੀਤੀ।ਦਮਦਮੀ ਟਕਸਾਲ, ਦਿੱਲੀ ਕਮੇਟੀ, ਹਰਿਆਣਾ ਕਮੇਟੀ ਅਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਹੋਏ ਇਸ ਰੋਸ ਪ੍ਰਦਰਸ਼ਨ ਦੌਰਾਨ ਬਾਬਾ ਧੁੰਮਾ ਨੇ ਕਿਹਾ ਕਿ ਜਥੇਦਾਰ ਸਿੱਖ ਕੌਮ ਦੇ ਆਗੂ ਹੁੰਦੇ ਹਨ ਅਤੇ ਉਨ੍ਹਾਂ ਨੂੰ ਅਚਾਨਕ ਅਹੁਦਿਆਂ ਤੋਂ ਹਟਾਉਣਾ ਨਾਜ਼ਾਇਜ਼ ਹੈ। ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ 15 ਅਪ੍ਰੈਲ ਤੱਕ ਜਥੇਦਾਰਾਂ ਨੂੰ ਮੁੜ ਤਖ਼ਤਾਂ ਉੱਤੇ ਵਿਰਾਜਮਾਨ ਨਾ ਕੀਤਾ ਗਿਆ ਤਾਂ ਹੋਰ ਵੱਡਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।

ਦਮਦਮੀ ਟਕਸਾਲ ਦੀ ਮੰਗ ਹੈ ਕਿ ਜਥੇਦਾਰਾਂ ਦੀ ਨਿਯੁਕਤੀ ਅਤੇ ਹਟਾਉਣ ਸਬੰਧੀ ਇੱਕ ਸਥਿਰ ਵਿਧੀ ਬਣਾਈ ਜਾਵੇ, ਤਾਂ ਜੋ ਕੋਈ ਵੀ ਵਿਅਕਤੀ ਜਾਂ ਪਾਰਟੀ ਆਪਣੇ ਹਿੱਤਾਂ ਲਈ ਇਹਨਾਂ ਧਾਰਮਿਕ ਅਹੁਦਿਆਂ ਦਾ ਗਲਤ ਫਾਇਦਾ ਨਾ ਉਠਾ ਸਕੇ। ਹਰਿਆਣਾ ਕਮੇਟੀ ਦੇ ਪ੍ਰਧਾਨ ਬਲਬੀਰ ਸਿੰਘ ਦਾਦੂਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਮੈਮੋਰੰਡਮ ਵੀ ਦਿੱਤਾ ਗਿਆ ਹੈ। ਇਸ ਰੋਸ ਮਾਰਚ ਨੇ ਸਿੱਖ ਸੰਗਤ ਵਿੱਚ ਇਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ। ਹੁਣ ਦੇਖਣਾ ਇਹ ਰਹੇਗਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ’ਤੇ ਕੀ ਰਵੱਈਆ ਅਖ਼ਤਿਆਰ ਕਰਦੀ ਹੈ।

By Gurpreet Singh

Leave a Reply

Your email address will not be published. Required fields are marked *