ਚੰਡੀਗੜ੍ਹ (ਗੁਰਪ੍ਰੀਤ ਸਿੰਘ): ਪੰਜਾਬ ਭਾਜਪਾ ਮੁੱਖ ਦਫ਼ਤਰ ਦੇ ਬਾਹਰ ਹੋਏ ਬਲਾਸਟ ਤੋਂ ਬਾਅਦ ਹੁਣ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਆਈ ਸੀ। ਧਮਕੀ ਮਿਲਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੇ ਤੁਰੰਤ ਪੂਰੇ ਪਰਿਸਰ ਦੀ ਜਾਂਚ ਕੀਤੀ। ਪੁਲਿਸ ਨੇ ਪੂਰੇ ਹਾਈਕੋਰਟ ਪਰਿਸਰ ਵਿੱਚ ਸਰਚ ਆਪਰੇਸ਼ਨ ਚਲਾਇਆ ਅਤੇ ਇੱਕ-ਇੱਕ ਕੋਰਟ ਦੀ ਚੈਕਿੰਗ ਕੀਤੀ। ਹਾਲਾਂਕਿ, ਕੋਈ ਸ਼ੱਕੀ ਵਸਤੂ ਜਾਂ ਬੰਬ ਬਰਾਮਦ ਨਹੀਂ ਹੋਇਆ। ਇਹ ਪਿਛਲੇ ਕੁੱਝ ਸਮੇਂ ਵਿੱਚ ਚੌਥੀ ਵਾਰ ਹੈ, ਜਦੋਂ ਹਾਈਕੋਰਟ ਨੂੰ ਇਸ ਤਰ੍ਹਾਂ ਦੀ ਬੰਬ ਦੀ ਧਮਕੀ ਮਿਲੀ ਹੈ।
ਪੁਲਿਸ ਹੈਡਕੁਆਰਟਰ ਦੀ ਮੇਲ ਉੱਤੇ ਆਈ ਈਮੇਲ
ਧਮਕੀ ਅੱਜ ਢਾਈ ਬਜੇ ਦੇ ਲਗਭਗ ਆਈ ਸੀ। ਉਸ ਵੇਲੇ ਲੰਚ ਬ੍ਰੇਕ ਹੋਣ ਵਾਲਾ ਸੀ, ਇਸ ਲਈ ਕੋਰਟ ਵਿੱਚ ਜ਼ਿਆਦਾ ਕੰਮ ਨਹੀਂ ਚੱਲ ਰਿਹਾ ਸੀ। ਧਮਕੀ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਤੁਰੰਤ ਮੌਕੇ ਉੱਤੇ ਪਹੁੰਚ ਗਈਆਂ। ਬੰਬ ਨਾਲ ਉਡਾਉਣ ਦੀ ਧਮਕੀ ਈਮੇਲ ਰਾਹੀਂ ਮਿਲੀ ਹੈ। ਇਸ ਤੋਂ ਪਹਿਲਾਂ ਦੀਆਂ 3 ਵਾਰ ਧਮਕੀਆਂ ਹਾਈਕੋਰਟ ਦੇ ਰਜਿਸਟ੍ਰਾਰ ਦੀ ਸਰਕਾਰੀ ਈਮੇਲ ਉੱਤੇ ਆਈਆਂ ਸਨ। ਇਸ ਵਾਰ ਧਮਕੀ ਪੁਲਿਸ ਹੈਡਕੁਆਰਟਰ ਵਿੱਚ ਆਈ ਦੱਸੀ ਜਾ ਰਹੀ ਹੈ।
ਜਾਂਚ ਵਿੱਚ ਕੁੱਝ ਨਹੀਂ ਮਿਲਿਆ
ਪਿਛਲੀ ਵਾਰ ਵਾਂਗ ਸੁਰੱਖਿਆ ਏਜੰਸੀਆਂ ਨੇ ਜਾਂਚ ਕੀਤੀ ਸੀ, ਪਰ ਹਾਈਕੋਰਟ ਵਿੱਚੋਂ ਕੁੱਝ ਨਹੀਂ ਮਿਲਿਆ ਸੀ। ਬੰਬ ਦੀ ਧਮਕੀ ਮਿਲਣ ਤੋਂ ਬਾਅਦ ਹਾਈਕੋਰਟ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰੁਟੀਨ ਵਿੱਚ ਵੀ ਹਾਈਕੋਰਟ ਦੇ ਅੰਦਰ ਬਿਨਾਂ ਚੈਕਿੰਗ ਤੋਂ ਕਿਸੇ ਨੂੰ ਅੰਦਰ ਜਾਣ ਨਹੀਂ ਦਿੱਤਾ ਜਾਂਦਾ।
