ਦਿਨ ਦਿਹਾੜੇ ਚੋਰੀ! 15,000 ਦੀ ਨਗਦੀ ਤੇ ਦੋ ਕੀਮਤੀ ਮੋਬਾਇਲ ਲੈ ਕੇ ਚੋਰ ਰਫੂ-ਚੱਕਰ

ਗੁਰਦਾਸਪੁਰ : ਕਾਹਨੂੰਵਾਨ ਦੇ ਪਿੰਡ ਜਾਗੋਵਾਲ ਬਾਂਗਰ ’ਚ ਇਕ ਘਰ ’ਚੋਂ ਚੋਰੀ 15 ਹਜ਼ਾਰ ਰੁਪਏ ਦੀ ਨਗਦੀ ਅਤੇ ਦੋ ਕੀਮਤੀ ਮੋਬਾਇਲ ਫੋਨ ਚੋਰੀ ਕਰਕੇ ਰੂਫਚੱਕਰ ਹੋ ਗਏ। ਇਸ ਸਬੰਧੀ ਪੀੜਿਤ ਜਸਬੀਰ ਸਿੰਘ ਜੱਸਾ ਨੇ ਦੱਸਿਆ ਕਿ ਉਹ ਖੇਤਾਂ ‘ਚ ਕੰਮ ਕਰਨ ਗਿਆ ਸੀ ਉਸ ਦੀ ਪਤਨੀ ਆਪਣੇ ਪੇਕੇ ਪਿੰਡ ਗਈ ਹੋਈ ਸੀ। ਜਦੋਂ ਸ਼ਾਮ ਦੇ 4 ਵਜੇ ਦੇ ਕਰੀਬ ਉਸ ਨੇ ਘਰ ਪਰਤ ਕੇ ਦੇਖਿਆ ਤਾਂ ਉਸ ਦਾ ਘਰ ਅੰਦਰ ਦਾਖਲ ਹੋਣ ਵਾਲਾ ਮੇਨ ਦਰਵਾਜ਼ਾ ਖੁੱਲਾ ਪਿਆ ਸੀ। ਉਸ ਨੇ ਸੋਚਿਆ ਕਿ ਸ਼ਾਇਦ ਉਸ ਦੀ ਪਤਨੀ ਘਰ ਆ ਗਈ ਹੈ ਪਰ ਜਦੋਂ ਉਸ ਨੇ ਅੰਦਰ ਜਾ ਕੇ ਦੇਖਿਆ ਤਾਂ ਉਸ ਦਾ ਵੱਖ-ਵੱਖ ਕਮਰਿਆਂ ਵਿੱਚ ਘਰ ਦਾ ਸਮਾਨ ਖਿਲਰਿਆ ਪਿਆ ਸੀ। ਘਰ ਅੰਦਰ ਪਈਆਂ ਹੋਈਆਂ ਅਲਮਾਰੀਆਂ ਦੀ ਫੋਲਾ ਫਰਾਲੀ ਸਪੱਸ਼ਟ ਨਜ਼ਰ ਆ ਰਹੀ ਸੀ। 

ਜਸਬੀਰ ਸਿੰਘ ਨੇ ਦੱਸਿਆ ਕਿ ਉਸ ਦੇ ਪਰਸ ‘ਚ 15 ਹਜ਼ਾਰ ਦੇ ਕਰੀਬ ਨਕਦੀ ਘਰ ‘ਚ ਸੀ ਜੋ ਉਸ ਨੇ ਝੋਨਾ ਲਾਉਣ ਵਾਲੇ ਮਜ਼ਦੂਰਾਂ ਲਈ ਰੱਖੀ ਹੋਈ ਸੀ। ਇਸ ਤੋਂ ਇਲਾਵਾ ਉਸ ਦੇ ਬੇਟੇ ਵੱਲੋਂ ਵਿਦੇਸ਼ ਤੋਂ ਭੇਜੇ ਹੋਏ 2 ਕੀਮਤੀ ਮੋਬਾਇਲ ਵੀ ਚੋਰ ਲੈ ਕੇ ਰਫੂ ਚੱਕਰ ਹੋ ਗਏ ਹਨ। ਉਸ ਨੇ ਦੱਸਿਆ ਕਿ ਹੋਰ ਕੀ ਚੋਰੀ ਹੋਇਆ ਹੈ ਇਸ ਬਾਰੇ ਉਸ ਦੀ ਪਤਨੀ ਹੀ ਆ ਕੇ ਜਾਣਕਾਰੀ ਦੇ ਸਕਦੀ ਹੈ ਕਿ ਕਿਹੜਾ ਸਮਾਨ ਕਿੱਥੋਂ ਚੋਰੀ ਹੋਇਆ ਹੈ। ਜਸਬੀਰ ਸਿੰਘ ਦੇ ਘਰ ਦਿਨ ਦਿਹਾੜੇ ਚੋਰੀ ਦੀ ਪਿੰਡ ਦੇ ਇਲਾਕੇ ਵਿੱਚ ਕਾਫੀ ਚਰਚਾ ਹੈ। ਜਸਬੀਰ ਸਿੰਘ ਨੇ ਦੱਸਿਆ ਕਿ ਉਹ ਇਸ ਦੀ ਸੂਚਨਾ ਥਾਣਾ ਕਾਹਨੂੰਵਾਨ ਵਿੱਚ  ਲਿਖਤੀ ਤੌਰ ’ਤੇ ਦੇ ਦਿੱਤੀ ਹੈ।

ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇਸ ਸੰਬਧੀ ਜਦੋਂ ਥਾਣਾ ਕਾਹਨੂੰਵਾਨ ਮੁਖੀ ਕੁਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਗਰਮੀ ਦੇ ਸੀਜ਼ਨ ‘ਚ ਆਮ ਨਾਲੋਂ ਲੋਕਾਂ ਦੀ ਚਹਿਲ ਪਹਿਲ ਗਲੀਆਂ ਅਤੇ ਸੜਕਾਂ ‘ਤੇ ਘਟ ਜਾਂਦੀ ਹੈ ਇਸ ਲਈ ਚੋਰ ਅਜਿਹੇ ਮੌਕੇ ਦਾ ਫਾਇਦਾ ਉਠਾਉਂਦੇ ਹਨ। ਇਸ ਲਈ ਉਹ ਘਰਾਂ ਦੇ ਮਾਲਕਾਂ ਨੂੰ ਅਪੀਲ ਕਰਦੇ ਹਨ ਕਿ ਉਹ ਆਪਣੇ ਘਰਾਂ ਨੂੰ ਅਜਿਹੇ ਹਾਲਾਤਾਂ ਵਿੱਚ ਸੁੰਨੇ ਨਾ ਛੱਡਣ। ਉਨ੍ਹਾਂ ਨੇ ਕਿਹਾ ਕਿ ਪੀੜਤ ਦੀ ਦਰਖਾਸਤ ਤੇ ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਚੋਰਾਂ ਨੂੰ ਲੱਭਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *