ਸ਼ਰਾਬ ਨਾਲ ਮੌਤਾਂ, ਨਾ ਹੋਇਆ ਪੋਸਟਮਾਰਟਮ – ਸਰਕਾਰ ਨੇ ਪਾਇਆ ਪਰਦਾ, ਭਗਵੰਤ ਮਾਨ ਤੇ ਹਰਪਾਲ ਚੀਮਾ ਜਿੰਮੇਵਾਰ: ਮਜੀਠੀਆ

ਮ੍ਰਿਤਕਾਂ ਦੇ ਪੋਸਟਮਾਰਟਮ ਤੋਂ ਵੀ ਭੱਜੀ ਭਗਵੰਤ ਮਾਨ ਸਰਕਾਰ, ਨਸ਼ਿਆਂ ਵਿਰੁੱਧ ਜੰਗ ਸਿਰਫ਼ ਇੱਕ PR ਕੈਂਪੇਨ

ਨੈਸ਼ਨਲ ਟਾਈਮਜ਼ ਬਿਊਰੋ :- ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਹਲਕੇ ਵਿੱਚ ਨਕਲੀ ਸ਼ਰਾਬ ਨਾਲ ਹੋਈਆਂ ਮੌਤਾਂ ਮਾਮਲੇ ਵਿੱਚ ਪੰਜਾਬ ਸਰਕਾਰ ‘ਤੇ ਤਿੱਖੇ ਹਮਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਤਾਂ ਮ੍ਰਿਤਕਾਂ ਦੇ ਪੋਸਟਮਾਰਟਮ ਨਹੀਂ ਕਰਵਾਏ ਤੇ ਘਟਨਾ ‘ਤੇ ਪਰਦਾ ਪਾਉਣ ਲਈ ਹਰ ਹਿਲਾ ਵਰਤਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਵੱਡੀ ਦੁਰਭਾਗਾ ਕੀ ਹੋ ਸਕਦੀ ਹੈ ਕਿ ਲੋਕ ਮਰ ਰਹੇ ਸਨ ਤੇ ਸਰਕਾਰ ਸਿਰਫ਼ ਆਪਣੀ ਛਵੀ ਬਚਾਉਣ ਵਿੱਚ ਲੱਗੀ ਹੋਈ ਸੀ।

ਮਜੀਠੀਆ ਨੇ ਦੱਸਿਆ ਕਿ ਹੁਣ ਬਾਬਾ ਬਕਾਲਾ ਸਾਹਿਬ ਹਲਕੇ ਵਿੱਚ ਵੀ ਨਜਾਇਜ਼ ਸ਼ਰਾਬ ਦੀ ਵਿਕਰੀ ਸ਼ਰੇਆਮ ਹੋ ਰਹੀ ਹੈ, ਜਿਸ ਤੋਂ ਸਾਫ਼ ਹੈ ਕਿ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਸਿਰਫ਼ ਇੱਕ PR ਕੈਂਪੇਨ ਬਣ ਕੇ ਰਹਿ ਗਈ ਹੈ।

ਉਨ੍ਹਾਂ ਕਿਹਾ, “ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਗੰਭੀਰ ਹੋ ਚੁੱਕੀ ਹੈ। ਨਸ਼ਿਆਂ ਦੀ ਸਮੱਸਿਆ ਨੇ ਫਿਰ ਤੋਂ ਜਡ਼ਾਂ ਪਾ ਲਈਆਂ ਹਨ। ਇਹ ਸਾਰੀ ਸਥਿਤੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਗ੍ਰਹਿ ਮੰਤਰੀ ਹਰਪਾਲ ਚੀਮਾ ਦੀ ਨਾਕਾਮੀ ਦਾ ਸਿੱਧਾ ਨਤੀਜਾ ਹੈ।”
ਮਜੀਠੀਆ ਨੇ ਸਵਾਲ ਉਠਾਇਆ, “ਸਰਕਾਰ ਨੇ ਮੌਤਾਂ ਤੋਂ ਬਾਅਦ ਤੁਰੰਤ ਐਕਸ਼ਨ ਕਿਉਂ ਨਹੀਂ ਲਿਆ? ਪੋਸਟਮਾਰਟਮ ਕਿਉਂ ਰੁਕਵਾਏ? ਕੀ ਕਿਸੇ ਨੂੰ ਬਚਾਇਆ ਜਾ ਰਿਹਾ ਸੀ?” ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਦੇ ਕੋਲ ਛੁਪਾਉਣ ਵਾਸਤੇ ਕੁਝ ਨਹੀਂ, ਤਾਂ ਉਹ ਖੁੱਲ੍ਹੀ ਜਾਂਚ ਕਿਉਂ ਨਹੀਂ ਕਰਵਾਉਂਦੀ?

ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਲੋਕ ਮਜੀਠਾ ਵਿੱਚ ਮਰ ਰਹੇ ਸਨ, ਤਾਂ ਭਗਵੰਤ ਮਾਨ ਕਿਸੇ ਹੋਰ ਰੈਲੀ ‘ਚ ਫੁੱਲਾਂ ਦੀ ਵਰਖਾ ਲੈ ਰਹੇ ਸਨ। ਇਹ ਲਾਪਰਵਾਹੀ ਨਹੀਂ, ਸਿੱਧਾ ਸਬੂਤ ਹੈ ਕਿ ਸਰਕਾਰ ਲੋਕਾਂ ਦੀ ਜਾਨ ਨੂੰ ਲੈ ਕੇ ਗੰਭੀਰ ਨਹੀਂ।

ਅਕਾਲੀ ਆਗੂ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿੰਦਿਆਂ ਆਖਿਆ, “ਜੇਕਰ ਭਗਵੰਤ ਮਾਨ ਦੀ ਸਰਕਾਰ ਸਾਫ਼ ਹੈ, ਤਾਂ ਫਿਰ ਉਹ ਨਜਾਇਜ਼ ਸ਼ਰਾਬ ਦੇ ਨੈਟਵਰਕ ’ਤੇ ਤੁਰੰਤ ਕਰਵਾਈ ਕਿਉਂ ਨਹੀਂ ਕਰ ਰਹੀ?”

By Gurpreet Singh

Leave a Reply

Your email address will not be published. Required fields are marked *