“ਪੰਜਾਬ ‘ਚ ਹੱਕ ਮੰਗਣਾ ਬਣਿਆ ਜੁਰਮ”, ਅਧਿਆਪਕਾਂ ‘ਤੇ ਲਾਠੀਚਾਰਜ ਨੂੰ ਲੈ ਕੇ ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਧਾਨ ਸਭਾ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਸਖ਼ਤ ਨਿਖੇਧੀ ਕੀਤੀ ਹੈ। ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਰਾਹੀਂ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਰਾਜ ਵਿੱਚ ਪੰਜਾਬ ਅੰਦਰ ਆਪਣੇ ਹੱਕ ਮੰਗਣਾ ਹੁਣ ਇੱਕ ਜੁਰਮ ਬਣ ਗਿਆ ਹੈ।

ਰਾਜਾ ਵੜਿੰਗ ਨੇ ਆਪਣੇ ਟਵੀਟ ਵਿੱਚ ਲਿਖਿਆ ਕਿ ਚੋਣਾਂ ਵੇਲੇ ਤਾਂ ਅਧਿਆਪਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਪਰ ਅੱਜ ਉਨ੍ਹਾਂ ਨੂੰ ਜਵਾਬ ਲਾਠੀਆਂ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ‘ਆਪ’ ਦੇ ਨਾਅਰੇ ‘ਤੇ ਤਨਜ਼ ਕਸਦਿਆਂ ਪੁੱਛਿਆ ਕਿ ਕੀ ਇਹੀ ਆਮ ਆਦਮੀ ਪਾਰਟੀ ਦਾ ਅਸਲੀ “ਇਨਕਲਾਬ” ਹੈ?

ਦੂਜੇ ਪਾਸੇ, ਅਧਿਆਪਕਾਂ ‘ਤੇ ਹੋਏ ਇਸ ਤਸ਼ੱਦਦ ਅਤੇ ‘ਲੱਥੀਆਂ ਪੱਗਾਂ’ ਦਾ ਬਦਲਾ ਲੈਣ ਲਈ ਹੁਣ ਅਧਿਆਪਕ ਜਥੇਬੰਦੀਆਂ ਨੇ ਆਰ-ਪਾਰ ਦੀ ਲੜਾਈ ਦਾ ਬਿਗੁਲ ਵਜਾ ਦਿੱਤਾ ਹੈ। ਮਨਪ੍ਰੀਤ ਸਿੰਘ ਗੋਸਲ਼ਾਂ ਵਰਗੇ ਆਗੂਆਂ ਨੇ ਅਧਿਆਪਕਾਂ ਨੂੰ ਇੱਕ ਝੰਡੇ ਹੇਠ ਇਕੱਠੇ ਹੋਣ ਦੀ ਅਪੀਲ ਕਰਦਿਆਂ 17 ਮਾਰਚ ਨੂੰ ਜ਼ਿਲ੍ਹਾ ਹੈੱਡਕੁਆਰਟਰਾਂ ਅਤੇ ਤਹਿਸੀਲ ਪੱਧਰ ‘ਤੇ ਭਰਵੇਂ ਇਕੱਠ ਕਰਨ ਦਾ ਸੱਦਾ ਦਿੱਤਾ ਹੈ।

ਅਧਿਆਪਕ ਆਗੂਆਂ ਦਾ ਕਹਿਣਾ ਹੈ ਕਿ ਪੰਜਾਬੀ ਪੱਗ ਦੀ ਅਹਿਮੀਅਤ ਤੇ ਇੱਜ਼ਤ ਨੂੰ ਭਲੀਭਾਂਤ ਜਾਣਦੇ ਹਨ ਅਤੇ ਇਸ ਅਪਮਾਨ ਦਾ ਬਦਲਾ ਲਿਆ ਜਾਵੇਗਾ। ਉਨ੍ਹਾਂ ਨੇ ਚੇਤਾਵਨੀ ਦਿੱਤੀ ਹੈ ਕਿ 17 ਮਾਰਚ ਦੀ ਲਾਮਬੰਦੀ ਰਾਹੀਂ ਹਾਕਮਾਂ ਦੇ ਪੈਰਾਂ ਹੇਠ ਅੱਗ ਮਚਾ ਦਿੱਤੀ ਜਾਵੇਗੀ ਅਤੇ ਇਨ੍ਹਾਂ ਦੇ ਰੋਸ ਦਾ ਸੇਕ ਸਰਕਾਰ ਦੇ ਘਰਾਂ ਤੱਕ ਪਹੁੰਚਾਇਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *