ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਦੀ ਹਦਾਇਤ ‘ਤੇ ਪੰਜਾਬ ਪੁਲਸ ਨੇ ਅੱਤਵਾਦ ਦੇ ਖ਼ਿਲਾਫ਼ ਲੜਾਈ ‘ਚ ਇਕ ਹੋਰ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਅਮਰੀਕਾ ਦੇ ਸੈਕ੍ਰਾਮੈਂਟੋ ਤੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਅਹਮ ਮੈਂਬਰ ਅਤੇ ਆਈਐੱਸਆਈ ਸਮਰਥਿਤ ਅੱਤਵਾਦੀ ਹੈਪੀ ਪਾਸੀਆ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਦੀ ਪੁਸ਼ਟੀ ਕਰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਗ੍ਰਿਫ਼ਤਾਰੀ ਆਈਐੱਸਆਈ ਵੱਲੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਅੱਤਵਾਦੀ ਨੈੱਟਵਰਕ ਖ਼ਿਲਾਫ਼ ਲਗਾਤਾਰ ਚੱਲ ਰਹੀ ਕਾਰਵਾਈ ਵਿੱਚ ਇਕ ਮੀਲ ਦਾ ਪੱਥਰ ਸਾਬਤ ਹੋਏਗੀ। ਉਨ੍ਹਾਂ ਦੱਸਿਆ ਕਿ ਹੈਪੀ ਦੀ ਗ੍ਰਿਫ਼ਤਾਰੀ ਅਮਰੀਕੀ ਏਜੰਸੀਆਂ ਐਫਬੀਆਈ ਅਤੇ ਆਈਸੀਈ ਵੱਲੋਂ ਕੀਤੀ ਗਈ ਜੋ ਭਾਰਤੀ ਏਜੰਸੀਆਂ ਨਾਲ ਮਿਲ ਕੇ ਕੰਮ ਕਰ ਰਹੀਆਂ ਹਨ।
ਅੰਮ੍ਰਿਤਸਰ ਦੇ ਪਿੰਡ ਪਾਸੀਆ ਦਾ ਰਹਿਣ ਵਾਲਾ ਹਰਪ੍ਰੀਤ ਸਿੰਘ ਉਰਫ਼ ਹੈਪੀ, ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਰਿੰਦਾ ਦਾ ਨਜ਼ਦੀਕੀ ਸਹਿਯੋਗੀ ਸੀ। ਪਹਿਲਾਂ ਉਹ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਉਸ ਦੇ ਸਾਥੀਆਂ ਨਾਲ ਮਿਲ ਕੇ ਅਪਰਾਧਕ ਗਤੀਵਿਧੀਆਂ ਕਰਦਾ ਸੀ। ਬਾਅਦ ਵਿੱਚ ਉਹ ਆਈਐੱਸਆਈ ਦੇ ਮਦਦ ਨਾਲ ਪੰਜਾਬ ‘ਚ ਟਾਰਗਟ ਕਿਲਿੰਗ, ਗ੍ਰਨੇਡ ਹਮਲਿਆਂ ਅਤੇ ਜਬਰੀ ਵਸੂਲੀ ਵਰਗੀਆਂ ਗੰਭੀਰ ਘਟਨਾਵਾਂ ‘ਚ ਸ਼ਾਮਿਲ ਹੋਇਆ।
ਪੁਲਸ ਮੁਤਾਬਕ 2023 ਤੋਂ 2025 ਤੱਕ ਉਸ ਨੇ ਪੰਜਾਬ ‘ਚ ਅੱਤਵਾਦੀ ਕਾਰਵਾਈਆਂ ਦੀ ਯੋਜਨਾ ਬਣਾਈ ਅਤੇ ਉਨ੍ਹਾਂ ਨੂੰ ਅਮਲ ਵਿੱਚ ਲਿਆਂਦਾ। ਹੁਣ ਪੰਜਾਬ ਪੁਲਸ ਨੇ ਕੇਂਦਰੀ ਏਜੰਸੀਆਂ ਨਾਲ ਸੰਪਰਕ ਕਰਕੇ ਹੈਪੀ ਦੀ ਭਾਰਤ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਗ੍ਰਿਫ਼ਤਾਰੀ ਭਾਰਤ ਅਤੇ ਅਮਰੀਕਾ ਦੇ ਵਿਚਕਾਰ ਮਜ਼ਬੂਤ ਸਹਿਯੋਗ ਅਤੇ ਜਾਣਕਾਰੀ ਸਾਂਝੀ ਕਰਨ ਦੇ ਨਤੀਜੇ ਵਜੋਂ ਸਾਹਮਣੇ ਆਈ ਹੈ।
