ਡੀਜੀਪੀ ਗੌਰਵ ਯਾਦਵ ਦੀ ਸਖ਼ਤ ਚੇਤਾਵਨੀ: ਗੈਂਗਸਟਰ ਕਿਤੇ ਵੀ ਸੁਰੱਖਿਅਤ ਨਹੀਂ, ਕਾਨੂੰਨ ਸਭ ਲਈ ਇਕ ਹੈ!

ਨੈਸ਼ਨਲ ਟਾਈਮਜ਼ ਬਿਊਰੋ :- ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਅੱਤਵਾਦੀਆਂ ਅਤੇ ਗੈਂਗਸਟਰਾਂ ਖ਼ਿਲਾਫ਼ ਕਈ ਦੇਸ਼ਾਂ ‘ਚ ਆਪਰੇਸ਼ਨ ਚੱਲ ਰਹੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਅਪਰਾਧੀ ਇਹ ਨਾ ਸਮਝਣ ਕਿ ਵਿਦੇਸ਼ ਬੈਠ ਕੇ ਉਹ ਸੁਰੱਖਿਅਤ ਹਨ। ਕਾਨੂੰਨ ਸਭ ‘ਤੇ ਇਕੋ ਜਿਹਾ ਲਾਗੂ ਹੁੰਦਾ ਹੈ। ਦੁਬਈ ਤੋਂ ਲੈ ਕੇ ਪਲਵਿੰਦਰ ਪਿੰਦੀ ਜਿਹੇ ਕਈ ਅਪਰਾਧੀ ਉਨ੍ਹਾਂ ਦੀ ਸੂਚੀ ‘ਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗੈਂਗਸਟਰਵਾਦ ਦੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ। ਤਿਉਹਾਰਾਂ ਦੇ ਸੀਜ਼ਨ ‘ਚ ਬੀਐਸਐਫ ਦੀਆਂ ਸੱਤ ਕੰਪਨੀਆਂ ਬਾਰਡਰ ਜ਼ਿਲ੍ਹਿਆਂ ‘ਚ ਚੌਕਸ ਹਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨ ਨੇ ਨਸ਼ੇ ਅਤੇ ਹਥਿਆਰਾਂ ਦੀ ਖੇਪ ਭੇਜਣ ‘ਚ ਕਾਫੀ ਵਾਧਾ ਕੀਤਾ ਹੈ। ਪਿਛਲੇ ਸਮੇਂ ‘ਚ ਹੋਈ ਬਰਾਮਦ ਅਤੇ ਗ੍ਰਿਫਤਾਰੀਆਂ ਇਸ ਗੱਲ ਦਾ ਸਬੂਤ ਹਨ ਕਿ ਬੀਐਸਐਫ ਅਤੇ ਪੰਜਾਬ ਪੁਲਿਸ ਸਰਹੱਦ ‘ਤੇ ਪੂਰੀ ਤਰ੍ਹਾਂ ਮੁਸਤੈਦ ਹਨ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਾਲ ‘ਚ 3400 ਕਾਂਸਟੇਬਲ ਪੁਲਿਸ ‘ਚ ਭਰਤੀ ਕੀਤੇ ਜਾਣਗੇ। 150 ਇੰਸਪੈਕਟਰ, 450 ਸਬ ਇੰਸਪੈਕਟਰ ਅਤੇ 1000 ਏਐਸਆਈ ਨੂੰ ਪ੍ਰੋਮੋਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਨਵਾਂ ਹੈਲਪਲਾਈਨ ਨੰਬਰ 1800330110 ਜਾਰੀ ਕੀਤਾ ਗਿਆ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਗੈਂਗਸਟਰ ਅਪਰਾਧੀਆਂ ਖਿਲਾਫ਼ ਇਸ ਨੰਬਰ ‘ਤੇ ਜਾਣਕਾਰੀ ਦਿਉ। ਜਾਣਕਾਰੀ ਦੇਣ ਵਾਲੇ ਦਾ ਨਾਂ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *