ਸਾਬਕਾ ਸੀਐਮ ਚੰਨੀ ਵੱਲੋਂ ਸਿਰੋਪਾ ਪਾ ਕੇ ਸ਼ਾਮਿਲ ਕਰਨ ਦੇ ਦਾਅਵੇ ਤੋਂ ਬਾਅਦ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਖੜ੍ਹਾ ਕੀਤਾ ਸਵਾਲ
ਡੇਰਾਬੱਸੀ (ਗੁਰਪ੍ਰੀਤ ਸਿੰਘ): ਕਿਸੇ ਸਮੇਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਦੇ ਖਾਸਮਖਾਸ ਰਹੇ ਰਣਜੀਤ ਸਿੰਘ ਰੈੱਡੀ ਦਾ ਮੁੜ ਭਾਜਪਾ ਤੋਂ ਕਾਂਗਰਸ ਵਿੱਚ ਵਾਪਸੀ ਨੂੰ ਲੈਕੇ ਢਿੱਲੋਂ ਗਰੁੱਪ ਤਿਲਮਲਾ ਉੱਠਿਆ, ਜਾਰੀ ਪ੍ਰੈਸ ਬਿਆਨ ਵਿੱਚ ਢਿੱਲੋਂ ਖੇਮੇ ਦੇ ਬਲਾਕ ਪ੍ਰਧਾਨਾਂ ਨੇ ਜਿੱਥੇ ਰੈੱਡੀ ਦਾ ਕਾਂਗਰਸ ਵਿੱਚ ਮੁੜ ਆਉਣ ਤੇ ਵਿਰੋਧ ਕੀਤਾ ਉੱਥੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਖਿਲਾਫ ਮੋਰਚਾ ਖੋਲ੍ਹਿਆ ਅਤੇ ਇਸਨੂੰ ਪਾਰਟੀ ਅਨੁਸ਼ਾਸਨ ਦੇ ਖਿਲਾਫ ਦੱਸਿਆ।
ਜਿਕਰਯੋਗ ਹੈ ਕਿ ਕਾਂਗਰਸ ਸਰਕਾਰ ਸਮੇਂ ਰਣਜੀਤ ਸਿੰਘ ਰੈੱਡੀ ਦੀਪਇੰਦਰ ਸਿੰਘ ਢਿੱਲੋਂ ਦੇ ਸਭ ਤੋਂ ਨੇੜਲੇ ਮੰਨੇ ਜਾਂਦੇ ਸਨ। ਰੈੱਡੀ ਨਗਰ ਕੌਂਸਲ ਡੇਰਾਬੱਸੀ ਦੇ ਪ੍ਰਧਾਨ ਵੀ ਬਣੇ। ਪਿੱਛਲੇ ਲੰਮੇ ਸਮੇਂ ਤੋਂ ਢਿੱਲੋਂ ਤੇ ਰੈੱਡੀ ਵਿਚਕਾਰ ਮਤਭੇਤ ਇਨ੍ਹੇ ਜਿਆਦਾ ਵੱਧ ਗਏ ਕਿ ਰੈੱਡੀ ਖੁੱਲ੍ਹ ਕੇ ਢਿੱਲੋਂ ਖਿਲਾਫ ਬਿਆਨਬਾਜ਼ੀ ਕੀਤੀ। ਪਿੱਛਲੇ ਸਮੇਂ ਦੌਰਾਨ ਰੈੱਡੀ ਨੇ ਕਾਂਗਰਸ ਛੱਡ ਭਾਜਪਾ ਨੂੰ ਜੁਆਇੰਨ ਕਰ ਲਿਆ ਅਤੇ ਭਾਜਪਾ ਦੀ ਟਿਕਟ ਤੇ ਡੇਰਾਬੱਸੀ ਨਗਰ ਕੌਂਸਲ ਦੀ ਚੋਣ ਜਿੱਤ ਤੇ ਕੌਂਸਲਰ ਬਣੇ ਪਰ ਅੱਜ ਹਲਕਾ ਡੇਰਾਬੱਸੀ ‘ਚ ਕਾਂਗਰਸ ਦੀ ਸਿਆਸਤ ਉਸ ਸਮੇਂ ਗਰਮਾ ਗਈ ਜਦੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੈੱਡੀ ਨੂੰ ਮੁੜ ਕਾਂਗਰਸ ਵਿੱਚ ਸਾਮਿਲ ਕਰਵਾਇਆ। ਇਸ ਗੱਲ ਤੋਂ ਦੀਪਇੰਦਰ ਢਿੱਲੋਂ ਖੇਮੇ ਵਿੱਚ ਖਲਬਲੀ ਮੱਚ ਗਈ ਅਤੇ ਰੈੱਡੀ ਦਾ ਕਾਂਗਰਸ ਵਿੱਚ ਮੁੜ ਸਾਮਿਲ ਹੋਣ ਦਾ ਵਿਰੋਧ ਕੀਤਾ। ਢਿੱਲੋਂ ਖੇਮੇ ਦੇ ਬਲਾਕ ਪ੍ਰਧਾਨ (ਸ਼ਹਿਰੀ) ਹਰਸ਼ ਰਿਸ਼ੀ ਅਤੇ ਬਲਾਕ ਪ੍ਰਧਾਨ (ਦਿਹਾਤੀ) ਕਰਨੈਲ ਸਿੰਘ ਹੰਮਾਯੂਪੁਰ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਅਨੁਸ਼ਾਸਨਹੀਣ ਆਗੂ ਦੀ ਵਾਪਸੀ ਸੂਬਾ ਪ੍ਰਧਾਨ ਦੀ ਮਨਜ਼ੂਰੀ ਤੋਂ ਬਿਨਾਂ ਅਸੰਭਵ ਹੈ।
6 ਸਾਲ ਲਈ ਪਾਰਟੀ ਵਿੱਚੋ ਕੱਢੇ ਜਾਣ ਦਾ ਦਿੱਤਾ ਹਵਾਲਾ
ਦੋਵਾਂ ਬਲਾਕ ਪ੍ਰਧਾਨਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਦਫ਼ਤਰੀ ਹੁਕਮਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪੱਤਰ ਨੰਬਰ 03/15 ਮਿਤੀ 27.03.2024 ਅਨੁਸਾਰ ਰਣਜੀਤ ਸਿੰਘ ਰੈਡੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਅਨੁਸ਼ਾਸਨ ਦੀ ਉਲੰਘਣਾ ਕਰਨ ਦੇ ਦੋਸ ਹੇਠ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪ੍ਰਵਾਨਗੀ ਨਾਲ 6 ਸਾਲ ਲਈ ਤੁਰੰਤ ਪ੍ਰਭਾਵ ਤੋਂ ਪਾਰਟੀ ਵਿੱਚੋਂ ਬੇਦਖਲ ਕੀਤਾ ਗਿਆ ਸੀ।
ਸਥਾਨਕ ਆਗੂਆਂ ਨੇ ਕਿਹਾ ਕਿ ਪਾਰਟੀ ਅਨੁਸ਼ਾਸਨ ਸਭ ਤੋਂ ਉੱਪਰ ਹੈ। ਜਦੋਂ ਤੱਕ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖੁਦ ਇਸ ਦੀ ਹਰੀ ਝੰਡੀ ਨਹੀਂ ਦਿੰਦੇ, ਉਦੋਂ ਤੱਕ ਕਿਸੇ ਵੀ ਆਗੂ ਨੂੰ ਦੁਬਾਰਾ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾ ਸਕਦਾ।
ਜਿਕਰਯੋਗ ਹੈ ਕਿ ਅੱਜ ਰਣਜੀਤ ਸਿੰਘ ਰੈੱਡੀ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਮਾਗਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ ’ਤੇ ਹੋਇਆ। ਚੰਨੀ ਨੇ ਸਾਰੇ ਨਵੇਂ ਸਾਥੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਂਗਰਸ ਲੋਕਾਂ ਦੀ ਆਵਾਜ਼ ਬਣ ਕੇ ਹਰ ਵਰਗ ਦੇ ਹੱਕਾਂ ਲਈ ਡਟ ਕੇ ਕੰਮ ਕਰਦੀ ਰਹੇਗੀ।
ਕਾਂਗਰਸ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਮਨਦੀਪ ਕੌਰ (ਭਾਜਪਾ ਐਮਸੀ ਉਮੀਦਵਾਰ ਵਾਰਡ ਨੰਬਰ 11) , ਹਰਵਿੰਦਰ ਸਿੰਘ (ਭਾਜਪਾ ਕੌਂਸਲਰ ਉਮੀਦਵਾਰ ਵਾਰਡ ਨੰਬਰ 10) , ਆਸ਼ਾ ਰਾਣੀ (ਭਾਜਪਾ ਐਮਸੀ ਉਮੀਦਵਾਰ ਵਾਰਡ ਨੰਬਰ 7 ) , ਹਰਦੀਪ ਸਿੰਘ ਗਾਜ਼ੀਪੁਰ ( ਭਾਜਪਾ ਐਮਸੀ ਉਮੀਦਵਾਰ ਵਾਰਡ ਨੰਬਰ 11 ਜ਼ੀਰਕਪੁਰ ), ਆਸ਼ੂ ਮਹਿੰਦਰੂ (ਸਾਬਕਾ ਟਰੱਕ ਯੂਨੀਅਨ ਪ੍ਰਧਾਨ) , ਗੁਰਵਿੰਦਰ ਸਿੰਘ, ਗੁਰਪ੍ਰੀਤ ਹੈਪੀ, ਪੂਜਾ, ਹਿਮਾਂਸ਼ੂ ਅਤੇ ਪੂਜਾ ਰਾਣੀ (ਮਹਿਲਾ ਮੰਡਲ ਪ੍ਰਧਾਨ ਬੀਜੇਪੀ) ਸਮੇਤ ਕਈ ਆਗੂ ਤੇ ਵਰਕਰ ਸ਼ਾਮਲ ਹਨ।
ਇਸ ਮੌਕੇ ਡੇਰਾਬੱਸੀ ਤੋਂ ਕਾਂਗਰਸੀ ਆਗੂ ਗੁਰਤੇਜ ਬੈਨੀਪਾਲ ਅਤੇ ਚੰਡੀਗੜ੍ਹ ਕਾਂਗਰਸ ਘੱਟ ਗਿਣਤੀ ਵਿਭਾਗ ਦੇ ਪ੍ਰਧਾਨ ਆਸਿਫ ਚੌਧਰੀ ਵੀ ਮੌਜੂਦ ਰਹੇ।
ਗੁਰਤੇਜ ਬੈਨੀਪਾਲ ਨੇ ਕਿਹਾ ਕਿ ਜ਼ਮੀਨੀ ਪੱਧਰ ਦੇ ਆਗੂਆਂ ਦੀ ਕਾਂਗਰਸ ਵਿੱਚ ਵਾਪਸੀ ਇਸ ਗੱਲ ਦਾ ਸੰਕੇਤ ਹੈ ਕਿ ਲੋਕਾਂ ਦਾ ਭਰੋਸਾ ਮੁੜ ਕਾਂਗਰਸ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਡੇਰਾਬੱਸੀ ਦੇ ਲੋਕਾਂ ਦੇ ਮੁੱਦਿਆਂ ਨੂੰ ਹੋਰ ਤਿੱਖੇ ਢੰਗ ਨਾਲ ਉਠਾਏਗੀ।
ਇਸ ਮੌਕੇ ਰਣਜੀਤ ਰੈਡੀ ਨੇ ਸਾਰਿਆਂ ਦਾ ਧੰਨਵਾਦ ਕਰਦੇ ਵਿਸ਼ਵਾਸ ਦਵਾਇਆ ਕਿ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਕੰਮ ਕਰਦੇ ਹੋਏ ਇਸ ਵਾਰ ਹਲਕਾ ਡੇਰਾਬੱਸੀ ਤੋਂ ਕਾਂਗਰਸ ਨੂੰ ਵੱਡੀ ਲੀਡ ਨਾਲ ਜਿਤਾਉਣਗੇ l
