Lifestyle (ਲਖਵਿੰਦਰ ਸਿੰਘ) : ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਨੇ ਲੋਕਾਂ ਦੀ ਜੀਵਨਸ਼ੈਲੀ ’ਤੇ ਕਾਫ਼ੀ ਅਸਰ ਪਾਇਆ ਹੈ, ਜਿਸ ਦਾ ਸਿੱਧਾ ਪ੍ਰਭਾਵ ਉਨ੍ਹਾਂ ਦੀ ਸਿਹਤ ’ਤੇ ਪੈ ਰਿਹਾ ਹੈ। ਦੇਰ ਰਾਤ ਤੱਕ ਮੋਬਾਈਲ ਦੀ ਵਰਤੋਂ ਕਰਨਾ, ਕੰਮ ਦਾ ਤਣਾਅ ਅਤੇ ਖਾਣ-ਪੀਣ ਦਾ ਕੋਈ ਨਿਸ਼ਚਿਤ ਸਮਾਂ ਨਾ ਹੋਣਾ ਵਰਗੀਆਂ ਆਦਤਾਂ ਨੀਂਦ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਹ ਸਮੱਸਿਆ ਹੁਣ ਆਮ ਹੋਣ ਦੇ ਨਾਲ-ਨਾਲ ਸਿਹਤ ਲਈ ਚਿੰਤਾ ਦਾ ਵਿਸ਼ਾ ਵੀ ਬਣ ਰਹੀ ਹੈ।
ਕਈ ਲੋਕਾਂ ਨੂੰ ਰਾਤ ਨੂੰ ਬਿਸਤਰੇ ’ਤੇ ਜਾਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਨੀਂਦ ਨਹੀਂ ਆਉਂਦੀ, ਜਦਕਿ ਕੁਝ ਲੋਕਾਂ ਦੀ ਅੱਖ ਰਾਤ ਨੂੰ ਵਾਰ-ਵਾਰ ਖੁੱਲ੍ਹ ਜਾਂਦੀ ਹੈ। ਕਈ ਵਾਰ ਸਵੇਰੇ ਉੱਠਣ ਤੋਂ ਬਾਅਦ ਵੀ ਥਕਾਵਟ ਅਤੇ ਸੁਸਤੀ ਮਹਿਸੂਸ ਹੁੰਦੀ ਹੈ। ਚੰਗੀ ਨੀਂਦ ਸਿਰਫ਼ ਸਰੀਰ ਨੂੰ ਆਰਾਮ ਦੇਣ ਲਈ ਹੀ ਨਹੀਂ, ਸਗੋਂ ਦਿਨ ਭਰ ਸਰਗਰਮ ਅਤੇ ਤਰੋਤਾਜ਼ਾ ਰਹਿਣ ਲਈ ਵੀ ਜ਼ਰੂਰੀ ਹੈ। ਇਸ ਲਈ ਨੀਂਦ ਦੀ ਗੁਣਵੱਤਾ ਵੱਲ ਧਿਆਨ ਦੇਣਾ ਬਹੁਤ ਅਹਿਮ ਹੈ।
ਨੀਂਦ ਦੀ ਕਮੀ ਸਿਹਤ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ?
Harvard Health Publishing ਅਨੁਸਾਰ, ਜੇਕਰ ਕੋਈ ਵਿਅਕਤੀ ਰੋਜ਼ਾਨਾ ਲੋੜੀਂਦੀ ਅਤੇ ਚੰਗੀ ਨੀਂਦ ਨਹੀਂ ਲੈਂਦਾ, ਤਾਂ ਇਸ ਦਾ ਅਸਰ ਹੌਲੀ-ਹੌਲੀ ਉਸ ਦੀ ਸਿਹਤ ’ਤੇ ਦਿਖਾਈ ਦੇਣ ਲੱਗਦਾ ਹੈ। ਨੀਂਦ ਦੀ ਕਮੀ ਕਾਰਨ ਦਿਨ ਭਰ ਥਕਾਵਟ, ਸਿਰਦਰਦ, ਚਿੜਚਿੜਾਪਣ, ਮੂਡ ਖ਼ਰਾਬ ਰਹਿਣਾ ਅਤੇ ਕੰਮ ਵਿੱਚ ਮਨ ਨਾ ਲੱਗਣ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਇਸ ਤੋਂ ਇਲਾਵਾ, ਨੀਂਦ ਪੂਰੀ ਨਾ ਹੋਣ ਨਾਲ ਯਾਦਦਾਸ਼ਤ ਅਤੇ ਸੋਚਣ-ਸਮਝਣ ਦੀ ਸਮਰੱਥਾ ਵੀ ਪ੍ਰਭਾਵਿਤ ਹੋ ਸਕਦੀ ਹੈ। ਲੰਬੇ ਸਮੇਂ ਤੱਕ ਨੀਂਦ ਦੀ ਕਮੀ ਰਹਿਣ ਨਾਲ ਹਾਈ ਬਲੱਡ ਪ੍ਰੈਸ਼ਰ, ਮੋਟਾਪਾ, ਟਾਈਪ-2 ਡਾਇਬਟੀਜ਼ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖ਼ਤਰਾ ਵਧ ਸਕਦਾ ਹੈ। ਇਸ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਯਾਨੀ ਇਮਿਊਨਿਟੀ ’ਤੇ ਵੀ ਅਸਰ ਪੈ ਸਕਦਾ ਹੈ।
ਜੇਕਰ ਤੁਹਾਨੂੰ ਲਗਾਤਾਰ ਨੀਂਦ ਆਉਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਜਾਂ ਰਾਤ ਨੂੰ ਵਾਰ-ਵਾਰ ਅੱਖ ਖੁੱਲ੍ਹਦੀ ਹੈ, ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਿਹਤਮੰਦ ਆਦਤਾਂ ਅਪਣਾਉਣ ਦੇ ਨਾਲ ਲੋੜ ਪੈਣ ’ਤੇ ਡਾਕਟਰ ਦੀ ਸਲਾਹ ਲੈਣੀ ਵੀ ਜ਼ਰੂਰੀ ਹੈ।
ਚੰਗੀ ਨੀਂਦ ਲਈ ਅਪਣਾਓ ਇਹ 8 ਸਿਹਤਮੰਦ ਆਦਤਾਂ
ਨੈਸ਼ਨਲ ਹਾਰਟ, ਲੰਗ ਐਂਡ ਬਲੱਡ ਇੰਸਟੀਚਿਊਟ (NHLBI) ਅਨੁਸਾਰ, ਨੀਂਦ ਦੀ ਸਮੱਸਿਆ ਨੂੰ ਘੱਟ ਕਰਨ ਲਈ ਰੋਜ਼ਾਨਾ ਦੀਆਂ ਕੁਝ ਆਦਤਾਂ ਵਿੱਚ ਬਦਲਾਅ ਕਰਨਾ ਫਾਇਦੇਮੰਦ ਹੋ ਸਕਦਾ ਹੈ।
- ਸੌਣ ਲਈ ਸਹੀ ਮਾਹੌਲ ਬਣਾਓ
ਚੰਗੀ ਨੀਂਦ ਲਈ ਆਪਣੇ ਬੈੱਡਰੂਮ ਨੂੰ ਸ਼ਾਂਤ, ਹਨੇਰਾ ਅਤੇ ਆਰਾਮਦਾਇਕ ਤਾਪਮਾਨ ਵਾਲਾ ਰੱਖੋ। ਸੌਣ ਤੋਂ ਪਹਿਲਾਂ ਟੀਵੀ ਦੇਖਣ ਜਾਂ ਮੋਬਾਈਲ, ਲੈਪਟਾਪ ਵਰਗੇ ਇਲੈਕਟ੍ਰਾਨਿਕ ਉਪਕਰਨਾਂ ਦੀ ਵਰਤੋਂ ਕਰਨ ਤੋਂ ਬਚੋ। ਇਨ੍ਹਾਂ ਦੀ ਰੌਸ਼ਨੀ ਸਰੀਰ ਦੇ ਕੁਦਰਤੀ ਸੌਣ ਅਤੇ ਜਾਗਣ ਦੇ ਸਮੇਂ ਨੂੰ ਪ੍ਰਭਾਵਿਤ ਕਰ ਸਕਦੀ ਹੈ, ਜਿਸ ਨਾਲ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ।
- ਸੌਣ ਅਤੇ ਉੱਠਣ ਦਾ ਸਮਾਂ ਤੈਅ ਕਰੋ
ਹਰ ਰੋਜ਼ ਰਾਤ ਨੂੰ ਇੱਕੋ ਸਮੇਂ ਸੌਣ ਅਤੇ ਸਵੇਰੇ ਇੱਕੋ ਸਮੇਂ ਉੱਠਣ ਦੀ ਆਦਤ ਬਣਾਓ। ਕੋਸ਼ਿਸ਼ ਕਰੋ ਕਿ ਛੁੱਟੀ ਵਾਲੇ ਦਿਨਾਂ ਵਿੱਚ ਵੀ ਤੁਹਾਡਾ ਇਹ ਰੁਟੀਨ ਨਾ ਬਦਲੇ। ਸੌਣ ਅਤੇ ਜਾਗਣ ਦੇ ਸਮੇਂ ਵਿੱਚ ਵਾਰ-ਵਾਰ ਬਦਲਾਅ ਕਰਨ ਨਾਲ ਸਰੀਰ ਦੀ ਨੀਂਦ ਦਾ ਚੱਕਰ ਪ੍ਰਭਾਵਿਤ ਹੋ ਸਕਦਾ ਹੈ।
- ਸੌਣ ਤੋਂ ਪਹਿਲਾਂ ਚਾਹ, ਕੌਫੀ ਅਤੇ ਸ਼ਰਾਬ ਤੋਂ ਬਚੋ
ਕਈ ਲੋਕਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਜਾਂ ਕੌਫੀ ਪੀਣ ਦੀ ਆਦਤ ਹੁੰਦੀ ਹੈ, ਪਰ ਚੰਗੀ ਨੀਂਦ ਲਈ ਇਸ ਤੋਂ ਬਚਣਾ ਚਾਹੀਦਾ ਹੈ। ਇਨ੍ਹਾਂ ਵਿੱਚ ਮੌਜੂਦ ਕੈਫੀਨ ਨੀਂਦ ਆਉਣ ਵਿੱਚ ਰੁਕਾਵਟ ਪਾ ਸਕਦੀ ਹੈ। ਇਸ ਤੋਂ ਇਲਾਵਾ ਨਿਕੋਟੀਨ ਅਤੇ ਸ਼ਰਾਬ ਦਾ ਸੇਵਨ ਵੀ ਨੀਂਦ ਦੀ ਗੁਣਵੱਤਾ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸ਼ਰਾਬ ਪੀਣ ਨਾਲ ਭਾਵੇਂ ਸ਼ੁਰੂ ਵਿੱਚ ਜਲਦੀ ਨੀਂਦ ਆ ਜਾਵੇ, ਪਰ ਇਸ ਨਾਲ ਨੀਂਦ ਹਲਕੀ ਹੋ ਸਕਦੀ ਹੈ ਅਤੇ ਰਾਤ ਨੂੰ ਵਾਰ-ਵਾਰ ਅੱਖ ਖੁੱਲ੍ਹਣ ਦੀ ਸੰਭਾਵਨਾ ਵਧ ਜਾਂਦੀ ਹੈ।
- ਦਿਨ ਵਿੱਚ ਨਿਯਮਿਤ ਕਸਰਤ ਕਰੋ
ਚੰਗੀ ਨੀਂਦ ਲਈ ਦਿਨ ਭਰ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਸੈਰ ਕਰੋ, ਯੋਗਾ ਕਰੋ ਜਾਂ ਆਪਣੀ ਸਮਰੱਥਾ ਅਨੁਸਾਰ ਕਸਰਤ ਕਰੋ। ਹਾਲਾਂਕਿ, ਸੌਣ ਤੋਂ ਘੱਟੋ-ਘੱਟ 5 ਤੋਂ 6 ਘੰਟੇ ਪਹਿਲਾਂ ਕਸਰਤ ਕਰਨਾ ਬਿਹਤਰ ਹੋ ਸਕਦਾ ਹੈ। ਸੌਣ ਦੇ ਬਿਲਕੁਲ ਨੇੜੇ ਕਸਰਤ ਕਰਨ ਨਾਲ ਕੁਝ ਲੋਕਾਂ ਨੂੰ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ।
- ਦਿਨ ਵੇਲੇ ਜ਼ਿਆਦਾ ਸੌਣ ਤੋਂ ਬਚੋ
ਜੇਕਰ ਤੁਹਾਨੂੰ ਰਾਤ ਨੂੰ ਚੰਗੀ ਅਤੇ ਲੰਬੀ ਨੀਂਦ ਨਹੀਂ ਆਉਂਦੀ, ਤਾਂ ਦਿਨ ਵੇਲੇ ਝਪਕੀ ਲੈਣ ਦੀ ਆਦਤ ਘੱਟ ਕਰੋ। ਖ਼ਾਸ ਤੌਰ ’ਤੇ ਦੁਪਹਿਰ ਨੂੰ ਲੰਬੇ ਸਮੇਂ ਤੱਕ ਸੌਣ ਤੋਂ ਬਚੋ, ਕਿਉਂਕਿ ਇਸ ਨਾਲ ਰਾਤ ਨੂੰ ਨੀਂਦ ਆਉਣ ਵਿੱਚ ਮੁਸ਼ਕਲ ਹੋ ਸਕਦੀ ਹੈ। ਆਪਣੀ ਨੀਂਦ ਦਾ ਰੁਟੀਨ ਨਿਯਮਿਤ ਰੱਖਣ ਦੀ ਕੋਸ਼ਿਸ਼ ਕਰੋ।
- ਸਮੇਂ ਸਿਰ ਖਾਣਾ ਖਾਓ
ਚੰਗੀ ਨੀਂਦ ਲਈ ਖਾਣੇ ਦਾ ਸਮਾਂ ਵੀ ਨਿਸ਼ਚਿਤ ਰੱਖਣਾ ਚਾਹੀਦਾ ਹੈ। ਰਾਤ ਨੂੰ ਬਹੁਤ ਦੇਰ ਨਾਲ ਖਾਣਾ ਖਾਣ ਅਤੇ ਸੌਣ ਤੋਂ ਠੀਕ ਪਹਿਲਾਂ ਭਾਰੀ ਭੋਜਨ ਕਰਨ ਤੋਂ ਬਚੋ। ਇਸ ਤੋਂ ਇਲਾਵਾ ਸੌਣ ਤੋਂ ਪਹਿਲਾਂ ਬਹੁਤ ਜ਼ਿਆਦਾ ਪਾਣੀ ਜਾਂ ਹੋਰ ਤਰਲ ਪਦਾਰਥ ਨਾ ਪੀਓ, ਤਾਂ ਜੋ ਰਾਤ ਨੂੰ ਵਾਰ-ਵਾਰ ਬਾਥਰੂਮ ਜਾਣ ਕਾਰਨ ਨੀਂਦ ਨਾ ਟੁੱਟੇ।
- ਤਣਾਅ ਘੱਟ ਕਰਨ ਦੇ ਤਰੀਕੇ ਅਪਣਾਓ
ਦਿਨ ਭਰ ਦੇ ਤਣਾਅ ਨੂੰ ਘੱਟ ਕਰਨ ਲਈ ਸੌਣ ਤੋਂ ਪਹਿਲਾਂ ਆਪਣੇ ਆਪ ਨੂੰ ਆਰਾਮ ਦਿਓ। ਇਸ ਲਈ ਕਿਤਾਬ ਪੜ੍ਹ ਸਕਦੇ ਹੋ, ਹਲਕਾ ਅਤੇ ਸਕੂਨ ਦੇਣ ਵਾਲਾ ਸੰਗੀਤ ਸੁਣ ਸਕਦੇ ਹੋ ਜਾਂ ਗਰਮ ਪਾਣੀ ਨਾਲ ਇਸ਼ਨਾਨ ਕਰ ਸਕਦੇ ਹੋ। ਡਾਕਟਰ ਦੀ ਸਲਾਹ ਨਾਲ ਮੈਡੀਟੇਸ਼ਨ, ਯੋਗਾ ਜਾਂ ਮਸਾਜ ਥੈਰੇਪੀ ਦੀ ਮਦਦ ਵੀ ਲਈ ਜਾ ਸਕਦੀ ਹੈ।
- ਦਵਾਈਆਂ ਦੀ ਵਰਤੋਂ ਸੋਚ-ਸਮਝ ਕੇ ਕਰੋ
ਕੁਝ ਬਿਨਾਂ ਪਰਚੀ ਤੋਂ ਮਿਲਣ ਵਾਲੀਆਂ ਅਤੇ ਡਾਕਟਰ ਵੱਲੋਂ ਲਿਖੀਆਂ ਦਵਾਈਆਂ ਨੀਂਦ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਖ਼ਾਸ ਤੌਰ ’ਤੇ ਜ਼ੁਕਾਮ ਅਤੇ ਐਲਰਜੀ ਦੀਆਂ ਕੁਝ ਦਵਾਈਆਂ ਕਾਰਨ ਨੀਂਦ ਆਉਣ ਜਾਂ ਲਗਾਤਾਰ ਸੌਂਦੇ ਰਹਿਣ ਵਿੱਚ ਪਰੇਸ਼ਾਨੀ ਹੋ ਸਕਦੀ ਹੈ। ਜੇਕਰ ਤੁਸੀਂ ਨਿਯਮਿਤ ਤੌਰ ’ਤੇ ਕੋਈ ਦਵਾਈ ਲੈਂਦੇ ਹੋ ਅਤੇ ਤੁਹਾਡੀ ਨੀਂਦ ਪ੍ਰਭਾਵਿਤ ਹੋ ਰਹੀ ਹੈ, ਤਾਂ ਡਾਕਟਰ ਨਾਲ ਗੱਲ ਕਰੋ। ਆਪਣੀ ਮਰਜ਼ੀ ਨਾਲ ਦਵਾਈ ਬੰਦ ਜਾਂ ਬਦਲਣ ਤੋਂ ਬਚੋ।
ਜ਼ਰੂਰੀ ਸੂਚਨਾ: ਇਹ ਖ਼ਬਰ ਸਿਰਫ਼ ਆਮ ਜਾਣਕਾਰੀ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਜੇਕਰ ਤੁਹਾਨੂੰ ਲਗਾਤਾਰ ਨੀਂਦ ਦੀ ਸਮੱਸਿਆ ਰਹਿੰਦੀ ਹੈ, ਤਾਂ ਮਾਹਿਰ ਜਾਂ ਡਾਕਟਰ ਨਾਲ ਸੰਪਰਕ ਕਰੋ।
