ਗੁਰੂ ਕਾ ਬਾਗ – ਬੀਤੀ ਰਾਤ ਪੁਲਸ ਥਾਣਾ ਝੰਡੇਰ ਅਧੀਨ ਆਉਂਦੇ ਪਿੰਡ ਖਤਰਾਏ ਕਲਾਂ ਵਿਖੇ ਇੱਕ ਨੌਜਵਾਨ ਦੀ ਨਸ਼ੇ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਮਾਮਲੇ ਸਬੰਧੀ ਪਿੰਡ ਖਤਰਾਏ ਕਲਾਂ ਦੇ ਵਸਨੀਕ ਜਗੀਰ ਸਿੰਘ ਨੇ ਬੜੇ ਦੁਖੀ ਮਨ ਨਾਲ ਦੱਸਿਆ ਕਿ ਉਸ ਦਾ ਨੌਜਵਾਨ ਪੁੱਤਰ ਹਰਦੀਪ ਸਿੰਘ (28 ਸਾਲ) ਜੋ ਕਿ ਮੋਟਰਸਾਈਕਲਾਂ ਦਾ ਬਹੁਤ ਵਧੀਆ ਕਾਰੀਗਰ ਸੀ ਤੇ ਪਿਛਲੇ 6-7 ਮਹੀਨਿਆਂ ਤੋਂ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਆਦੀ ਹੋ ਗਿਆ।
ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦੇ ਘਰ ‘ਚ ਅਕਸਰ ਲੜਾਈ ਝਗੜਾ ਰਹਿੰਦਾ ਸੀ ਜਿਸ ਕਾਰਨ ਉਸ ਦੀ ਪਤਨੀ ਆਪਣੇ 9 ਕੁ ਮਹੀਨੇ ਦੇ ਬੱਚੇ ਨੂੰ ਲੈ ਕੇ ਪੇਕੇ ਘਰ ਚਲੀ ਗਈ ਸੀ। ਉਸ ਨੇ ਦੱਸਿਆ ਕਿ ਬੀਤੇ ਕੱਲ੍ਹ ਉਨ੍ਹਾਂ ਦਾ ਪੁੱਤਰ ਕੋਈ ਨਸ਼ੇ ਦਾ ਸੇਵਨ ਕਰਕੇ ਆਇਆ ਅਤੇ ਸਵੇਰੇ ਉੱਠ ਨਹੀਂ ਸਕਿਆ ਤੇ ਵੇਖਣ ‘ਤੇ ਪਤਾ ਲੱਗਾ ਤਾਂ ਉਸਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਨਸ਼ਿਆਂ ਦੇ ਵਗ ਰਹੇ ਦਰਿਆ ਨੂੰ ਠੱਲ੍ਹ ਪਾਈ ਜਾਵੇ ਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕਰਕੇ ਜੇਲ੍ਹ ਵਿੱਚ ਭੇਜਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਘਰਾਂ ਦੇ ਚਿਰਾਗ ਨਾ ਬੁਝ ਸਕਣ।
