
ਮੰਡੀ, ਹਿਮਾਚਲ ਪ੍ਰਦੇਸ਼ | 12 ਜੁਲਾਈ 2025: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਪੰਡੋਹ ਡੈਮ ਦੇ ਨੇੜੇ ਕੈਂਚੀ ਮੋੜ ‘ਤੇ ਹੋਏ ਭਾਰੀ ਭੂਸਖਲਨ ਕਾਰਨ ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ (NH-3) ਦੋਹਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਹੈ। ਭਾਰੀ ਮੀਂਹ ਕਾਰਨ ਪਹਾੜੀ ਤੋਂ ਵੱਡੀ ਮਾਤਰਾ ਵਿੱਚ ਮਲਬਾ ਅਤੇ ਪੱਥਰ ਸੜਕ ‘ਤੇ ਆ ਗਿਰੇ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ ਅਤੇ ਦੋਹਾਂ ਪਾਸਿਆਂ ਲੰਮਾ ਜਾਮ ਲੱਗ ਗਿਆ ਹੈ।
ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦੇ ਹੋਏ ਮਲਬਾ ਹਟਾਉਣ ਲਈ ਮਸ਼ੀਨਰੀ ਮੌਕੇ ‘ਤੇ ਭੇਜ ਦਿੱਤੀ ਹੈ। ਐਸ.ਪੀ. ਸਾਖਸ਼ੀ ਵਰਮਾ ਨੇ ਦੱਸਿਆ ਕਿ ਰਾਹਤ ਕਾਰਜ ਯੁੱਧ ਪੱਧਰ ‘ਤੇ ਜਾਰੀ ਹਨ, ਪਰ ਸੜਕ ਨੂੰ ਮੁੜ ਪੂਰੀ ਤਰ੍ਹਾਂ ਖੋਲ੍ਹਣ ਵਿੱਚ ਹੋਰ ਸਮਾਂ ਲੱਗ ਸਕਦਾ ਹੈ।
ਪ੍ਰਸ਼ਾਸਨ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਕਟੌਲਾ-ਕਮਾਂਦ ਰੂਟ ਰਾਹੀਂ ਯਾਤਰਾ ਕਰਨ ਦੀ ਸਿਫਾਰਸ਼ ਕੀਤੀ ਹੈ। ਨਾਲ ਹੀ ਮੌਸਮ ਨੂੰ ਦੇਖਦੇ ਹੋਏ ਵਾਹਨ ਚਾਲਕਾਂ ਨੂੰ ਖਾਸ ਸਾਵਧਾਨੀ ਵਰਤਣ ਦੀ ਅਪੀਲ ਵੀ ਕੀਤੀ ਗਈ ਹੈ।
ਇਸ ਵੇਲੇ ਮਲਬਾ ਹਟਾਉਣ ਦਾ ਕੰਮ ਜਾਰੀ ਹੈ ਅਤੇ ਸਥਾਨਕ ਪ੍ਰਸ਼ਾਸਨ ਸਥਿਤੀ ‘ਤੇ ਨਜ਼ਰ ਰੱਖੇ ਹੋਏ ਹੈ। ਯਾਤਰੀਆਂ ਨੂੰ ਬੇਵਜ੍ਹਾ ਯਾਤਰਾ ਨਾ ਕਰਨ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਾਈਡਲਾਈਨ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਹੈ।
