ਚੰਡੀਗੜ੍ਹ 6 ਨਵੰਬਰ (ਗੁਰਪ੍ਰੀਤ ਸਿੰਘ) : ਮੋਗਾ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ‘ਤੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ 48 ਘੰਟੇ ਚੱਲੀ ਛਾਪੇਮਾਰੀ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ‘ਤੇ ਤਿੱਖਾ ਹਮਲਾ ਬੋਲਦਿਆਂ ਆਮ ਆਦਮੀ ਪਾਰਟੀ (ਆਪ) ਨੇ ਕਿਹਾ ਕਿ ਭਾਜਪਾ ਚੁਣੇ ਹੋਏ ਨੁਮਾਇੰਦਿਆਂ ਨੂੰ ਡਰਾਉਣ-ਧਮਕਾਉਣ ਅਤੇ ਪਾਰਟੀ ਬਦਲਾਉਣ ਲਈ ਕੇਂਦਰੀ ਜਾਂਚ ਏਜੰਸੀਆਂ ਦੀ ਸ਼ਰੇਆਮ ਦੁਰਵਰਤੋਂ ਕਰ ਰਹੀ ਹੈ। ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਦਾਅਵਾ ਕੀਤਾ ਕਿ ਤਲਾਸ਼ੀ ਦੌਰਾਨ ਕੁਝ ਵੀ ਨਾ ਮਿਲਣ ਦੇ ਬਾਵਜੂਦ ਈਡੀ ਦੇ ਅਧਿਕਾਰੀ 48 ਘੰਟੇ ਵਿਧਾਇਕਾ ਦੇ ਘਰ ਬੈਠੇ ਰਹੇ ਅਤੇ ਉਨ੍ਹਾਂ ਨੂੰ ਮੰਤਰੀ ਅਹੁਦੇ ਦਾ ਲਾਲਚ ਦੇ ਕੇ ਭਾਜਪਾ ਵਿੱਚ ਸ਼ਾਮਲ ਹੋਣ ਲਈ ਵਾਰ-ਵਾਰ ਦਬਾਅ ਪਾਉਂਦੇ ਰਹੇ।
ਭਾਜਪਾ ਦੀ ਡਰਾਉਣ-ਧਮਕਾਉਣ, ਲਾਲਚ ਦੇਣ ਅਤੇ ਸਿਆਸੀ ਧੱਕੇਸ਼ਾਹੀ ਦੀ ਰਾਜਨੀਤੀ ਦੀ ਨਿਖੇਧੀ ਕਰਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਡਾ. ਬਲਜੀਤ ਕੌਰ, ਹਰਭਜਨ ਸਿੰਘ ਈਟੀਓ ਅਤੇ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਨਾ ਤਾਂ ਲੰਬੀ ਛਾਪੇਮਾਰੀ ਅਤੇ ਨਾ ਹੀ ਵੱਡੇ ਅਹੁਦਿਆਂ ਦੀਆਂ ਪੇਸ਼ਕਸ਼ਾਂ ਡਾ. ਅਮਨਦੀਪ ਕੌਰ ਅਰੋੜਾ ਦੇ ਇਰਾਦਿਆਂ ਨੂੰ ਹਿਲਾ ਸਕੀਆਂ। ‘ਆਪ’ ਆਗੂਆਂ ਨੇ ਕਿਹਾ ਕਿ ਭਾਜਪਾ ਜਨਤਾ ਦੇ ਫਤਵੇ ਦਾ ਸਿਆਸੀ ਮੁਕਾਬਲਾ ਕਰਨ ‘ਚ ਅਸਮਰੱਥ ਹੋ ਕੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਜਾਂਚ ਏਜੰਸੀਆਂ ਦਾ ਸਹਾਰਾ ਲੈ ਰਹੀ ਹੈ। ਪਰ ਉਨ੍ਹਾਂ ਚੇਤਾਵਨੀ ਦਿੱਤੀ ਕਿ ਪੰਜਾਬ ਦੀਆਂ ਧੀਆਂ ਨੂੰ ਨਾ ਧਮਕੀਆਂ ਨਾਲ ਚੁੱਪ ਕਰਵਾਇਆ ਜਾ ਸਕਦਾ ਹੈ ਅਤੇ ਨਾ ਹੀ ਸਿਆਸੀ ਤਾਕਤ ਦੇ ਲਾਲਚ ਨਾਲ ਖਰੀਦਿਆ ਜਾ ਸਕਦਾ ਹੈ।
ਇਸ ਮੌਕੇ ‘ਆਪ’ ਦੇ ਸੀਨੀਅਰ ਆਗੂ ਅਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਨੇ ਕਿਹਾ, “48 ਘੰਟਿਆਂ ਤੱਕ ਇੱਕ ਮਹਿਲਾ ਵਿਧਾਇਕਾ, ਉਨ੍ਹਾਂ ਦੇ ਪਰਿਵਾਰ ਅਤੇ ਛੋਟੇ ਬੱਚਿਆਂ ਤੱਕ ਨੂੰ ਉਨ੍ਹਾਂ ਦੇ ਆਪਣੇ ਘਰ ਵਿੱਚ ਹੀ ਬੰਧਕ ਬਣਾ ਕੇ ਰੱਖਿਆ ਗਿਆ। ਕੁਝ ਵੀ ਬਰਾਮਦ ਨਹੀਂ ਹੋਇਆ, ਫਿਰ ਵੀ ਉਨ੍ਹਾਂ ਨੂੰ ਕਰੀਬ 50 ਵਾਰ ਕਿਹਾ ਗਿਆ, ‘ਭਾਜਪਾ ‘ਚ ਸ਼ਾਮਲ ਹੋ ਜਾਓ, ਮੰਤਰੀ ਬਣ ਜਾਓਗੇ।’ ਇਹ ਧੱਕੇਸ਼ਾਹੀ ਨਾ ਸਿਰਫ਼ ‘ਆਪ’ ਦੇ ਪੰਜਾਬ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਕੀਤੀ ਗਈ, ਸਗੋਂ ਉਨ੍ਹਾਂ ਦੇ ਸੱਤ ਰਿਸ਼ਤੇਦਾਰਾਂ ਦੇ ਘਰਾਂ ‘ਚ ਵੀ ਕੀਤੀ ਗਈ। ਇੱਥੋਂ ਤੱਕ ਕਿ ਉਨ੍ਹਾਂ ਦੇ ਬਜ਼ੁਰਗ ਮਾਮਾ-ਮਾਮੀ ਨੂੰ ਵੀ ਪਰੇਸ਼ਾਨ ਕੀਤਾ ਗਿਆ। ਹਸਪਤਾਲ, ਪਿੰਡ ਅਤੇ ਹੋਰ ਥਾਵਾਂ ‘ਤੇ ਵੀ ਤਲਾਸ਼ੀ ਲਈ ਗਈ, ਪਰ ਕਿਤੇ ਵੀ ਕੁਝ ਨਹੀਂ ਮਿਲਿਆ।”
‘ਆਪ’ ਦੇ ਪੰਜਾਬ ਪ੍ਰਭਾਰੀ ਨੇ ਕਿਹਾ, ‘‘ਡਾ. ਅਮਨਦੀਪ ਕੌਰ ਅਰੋੜਾ ਦੇ ਆਪਣੇ ਘਰ ਤਲਾਸ਼ੀ ਦੋ-ਤਿੰਨ ਘੰਟਿਆਂ ਵਿੱਚ ਪੂਰੀ ਹੋ ਗਈ ਸੀ। ਜਦੋਂ ਕੁਝ ਨਾ ਬਰਾਮਦ ਹੋਇਆ ਤਾਂ ਭਾਜਪਾ ਵੱਲੋਂ ਭੇਜੇ ਗਏ ਲੋਕ ਉਨ੍ਹਾਂ ਦੇ ਘਰ ਅੰਦਰ ਬੈਠ ਕੇ ਸਮਾਂ ਬਰਬਾਦ ਕਰਦੇ ਰਹੇ। ਇਹ ਸਿਲਸਿਲਾ 48 ਘੰਟੇ ਚੱਲਦਾ ਰਿਹਾ। ਇਹਨਾਂ 48 ਘੰਟਿਆਂ ਦੌਰਾਨ ਡਾ. ਅਮਨਦੀਪ ਕੌਰ ਅਰੋੜਾ ਨੂੰ ਵਾਰ-ਵਾਰ ਕਿਹਾ ਗਿਆ, ‘ਭਾਜਪਾ ਵਿੱਚ ਸ਼ਾਮਲ ਹੋ ਜਾਓ, ਉੱਥੇ ਮੰਤਰੀ ਬਣੋਗੇ। ‘ਆਪ’ ਵਿੱਚ ਤੁਹਾਡੇ ਲਈ ਕੀ ਰੱਖਿਆ ਹੈ?’ ਕੀ ਈਡੀ ਉੱਥੇ ਜਾਂਚ ਕਰਨ ਗਈ ਸੀ ਜਾਂ ਕਿਸੇ ਚੁਣੀ ਹੋਈ ਮਹਿਲਾ ਵਿਧਾਇਕਾ ਨੂੰ ਧੱਕੇ ਨਾਲ ਭਾਜਪਾ ‘ਚ ਸ਼ਾਮਲ ਕਰਵਾਉਣ ਗਈ ਸੀ?”
‘ਆਪ’ ਦੇ ਸੀਨੀਅਰ ਨੇਤਾ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਮੋਗਾ ਦੀ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ ਈਡੀ ਦੀ 48 ਘੰਟੇ ਚੱਲੀ ਛਾਪੇਮਾਰੀ ‘ਚ ਕੁਝ ਨਹੀਂ ਨਿਕਲਿਆ। ਛਾਪੇਮਾਰੀ ਦੌਰਾਨ ਉਨ੍ਹਾਂ ਨੂੰ ਵੱਡੇ ਅਹੁਦਿਆਂ ਦਾ ਲਾਲਚ ਦੇ ਕੇ ਭਾਜਪਾ ਵਿੱਚ ਸ਼ਾਮਲ ਕਰਨ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਸਾਡੀ ਵਿਧਾਇਕਾ ਆਪਣੇ ਅਸੂਲਾਂ ਅਤੇ ਇਮਾਨਦਾਰੀ ‘ਤੇ ਚੱਟਾਨ ਵਾਂਗ ਡਟੀ ਰਹੀ। ‘ਆਪ’ ਦਾ ਕੋਈ ਵੀ ਆਗੂ ਭਾਜਪਾ ਦੀ ਧੱਕੇਸ਼ਾਹੀ, ਲਾਲਚ ਅਤੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ। ਸੱਚ ਅਤੇ ਅਸੂਲਾਂ ਦੀ ਸਾਡੀ ਲੜਾਈ ਪੂਰੇ ਹੌਸਲੇ ਨਾਲ ਜਾਰੀ ਰਹੇਗੀ।”
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ, “48 ਘੰਟੇ ਲੰਬੀ ਈਡੀ ਦੀ ਛਾਪੇਮਾਰੀ ਤੋਂ ਬਾਅਦ ਵੀ ਭਾਜਪਾ ਦੇ ਮਨਸੂਬੇ ਫੇਲ੍ਹ ਹੋ ਗਏ। ਮੋਗਾ ਤੋਂ ਸਾਡੀ ਵਿਧਾਇਕਾ ਅਤੇ ਮੇਰੀ ਭੈਣ ਡਾ. ਅਮਨਦੀਪ ਕੌਰ ਅਰੋੜਾ ਨੂੰ ਧਮਕਾਇਆ ਗਿਆ ਅਤੇ ਦਬਾਅ ਪਾਇਆ ਗਿਆ, ਨਾਲ ਹੀ ਭਾਜਪਾ ਵਿੱਚ ਸ਼ਾਮਲ ਹੋਣ ਲਈ ਉੱਚ ਅਹੁਦਿਆਂ ਦੀ ਪੇਸ਼ਕਸ਼ ਵੀ ਕੀਤੀ ਗਈ। ਪਰ ਉਹ ਆਪਣੇ ਸਿਧਾਂਤਾਂ ‘ਤੇ ਡਟੀ ਰਹੀ। ਭਾਜਪਾ ਦੀ ਕੇਂਦਰ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੀਆਂ ਧੀਆਂ ਨੂੰ ਨਾ ਧਮਕੀਆਂ ਨਾਲ ਡਰਾਇਆ ਜਾ ਸਕਦਾ ਹੈ ਅਤੇ ਨਾ ਹੀ ਵੱਡੇ ਅਹੁਦਿਆਂ ਨਾਲ ਖਰੀਦਿਆ ਜਾ ਸਕਦਾ ਹੈ। ਅਸੀਂ ਆਪਣੀ ਭੈਣ ਨਾਲ ਚੱਟਾਨ ਵਾਂਗ ਖੜ੍ਹੇ ਹਾਂ। ਪੰਜਾਬ ਦੇ ਹੱਕਾਂ ਅਤੇ ਜਨਤਾ ਦੇ ਫਤਵੇ ਦੀ ਲੜਾਈ ਅਸੀਂ ਪੂਰੇ ਹੌਸਲੇ ਨਾਲ ਲੜਦੇ ਰਹਾਂਗੇ।”
ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਿਹਾ, “ਜਦੋਂ ਰਾਜਨੀਤਿਕ ਵਿਰੋਧੀਆਂ ਨੂੰ ਜਨਤਾ ਦੁਆਰਾ ਚੁਣੀ ਗਈ ਸਰਕਾਰ ਦਾ ਮੁਕਾਬਲਾ ਕਰਨ ਦਾ ਕੋਈ ਰਾਹ ਨਹੀਂ ਲੱਭਦਾ, ਤਾਂ ਉਹ ਜਾਂਚ ਏਜੰਸੀਆਂ ਦਾ ਸਹਾਰਾ ਲੈਂਦੇ ਹਨ। ਮੋਗਾ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਦੇ ਘਰ 48 ਘੰਟੇ ਚੱਲੀ ਈਡੀ ਦੀ ਛਾਪੇਮਾਰੀ ‘ਚ ਕੁਝ ਨਹੀਂ ਨਿਕਲਿਆ। ਭਾਜਪਾ ਦੇ ਲਾਲਚ ਅਤੇ ਦਬਾਅ ਦੇ ਬਾਵਜੂਦ ਸਾਡੀ ਵਿਧਾਇਕਾ ਅਸੂਲਾਂ ‘ਤੇ ਡਟੀ ਰਹੀ। ਇਸ ਨੂੰ ਕਹਿੰਦੇ ਹਨ ਅਸੂਲਾਂ ਦੀ ਰਾਜਨੀਤੀ।”
ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ, “ਨਾ ਤਾਂ 48 ਘੰਟੇ ਦੀ ਛਾਪੇਮਾਰੀ ਅਤੇ ਨਾ ਹੀ ਵੱਡੇ ਅਹੁਦਿਆਂ ਦੇ ਲਾਲਚ ਡਾ. ਅਮਨਦੀਪ ਕੌਰ ਅਰੋੜਾ ਦੇ ਹੌਸਲੇ ਨੂੰ ਤੋੜ ਸਕੇ। ਭਾਜਪਾ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੇ ਅਸੂਲਾਂ ‘ਤੇ ਅਟੱਲ ਰਹੀ। ਜਾਂਚ ਦੇ ਨਾਂ ‘ਤੇ ਡਰਾਉਣ-ਧਮਕਾਉਣ ਅਤੇ ਸਿਆਸੀ ਲਾਲਚ ਦੇਣ ਦੀ ਰਾਜਨੀਤੀ ਕਦੇ ਸਫ਼ਲ ਨਹੀਂ ਹੋਵੇਗੀ। ‘ਆਪ’ ਦੇ ਆਗੂ ਜਨਤਾ ਦੇ ਵਿਸ਼ਵਾਸ ਅਤੇ ਆਪਣੇ ਸਿਧਾਂਤਾਂ ਪ੍ਰਤੀ ਪੂਰੀ ਤਰ੍ਹਾਂ ਵਚਨਬੱਧ ਹਨ।”
