ਭਾਰਤ ਵਿੱਚ ਇਲੈਕਟ੍ਰਾਨਿਕਸ ਨਿਰਮਾਣ ਪੰਜ ਗੁਣਾ ਵਧਿਆ, ਨਿਰਯਾਤ ’ਚ ਵੀ ਰਿਕਾਰਡ ਤੋੜ ਵਾਧਾ: ਕੇਂਦਰੀ ਮੰਤਰੀ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤ ਵਿੱਚ ਇਲੈਕਟ੍ਰਾਨਿਕਸ ਉਦਯੋਗ ਨੇ ਪਿਛਲੇ ਛੇ ਸਾਲਾਂ ਵਿੱਚ ਨਵੀਂ ਉਚਾਈਆਂ ਨੂੰ ਛੂਹ ਲਿਆ ਹੈ। ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਲੈਕਟ੍ਰਾਨਿਕ ਉਤਪਾਦਨ ਵਿੱਚ ਪੰਜ ਗੁਣਾ ਵਾਧਾ ਹੋਇਆ ਹੈ ਅਤੇ ਇਸ ਦੀ ਕੁੱਲ ਕੀਮਤ ਹੁਣ 11 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁਕੀ ਹੈ। ਉਨ੍ਹਾਂ ਦੱਸਿਆ ਕਿ ਇਲੈਕਟ੍ਰਾਨਿਕ ਉਤਪਾਦਾਂ ਦਾ ਨਿਰਯਾਤ ਵੀ ਪਿਛਲੇ ਦਹਾਕੇ ਦੌਰਾਨ ਛੇ ਗੁਣਾ ਵਧ ਚੁੱਕਾ ਹੈ, ਜੋ ਹੁਣ 3.25 ਲੱਖ ਕਰੋੜ ਰੁਪਏ ਤੋਂ ਉਪਰ ਪਹੁੰਚ ਗਿਆ ਹੈ।

ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਮਨਜ਼ੂਰ ਕੀਤੀ ਨਵੀਂ ਇਲੈਕਟ੍ਰਾਨਿਕਸ ਕੰਪੋਨੈਂਟ ਨਿਰਮਾਣ ਯੋਜਨਾ, ਭਾਰਤ ਦੀ ਗਲੋਬਲ ਮੰਡੀ ਵਿੱਚ ਮੌਜੂਦਗੀ ਨੂੰ ਹੋਰ ਮਜ਼ਬੂਤ ਕਰੇਗੀ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦੇ ਦਿਸ਼ਾ-ਨਿਰਦੇਸ਼ ਜਲਦੀ ਹੀ ਜਾਰੀ ਕੀਤੇ ਜਾਣਗੇ।

ਅਸ਼ਵਨੀ ਵੈਸ਼ਨਵ ਨੇ ‘ਮੇਕ ਇਨ ਇੰਡੀਆ’ ਦੀ ਸਫਲਤਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਲੈਕਟ੍ਰਾਨਿਕਸ ਖੇਤਰ ਹੁਣ ਤੱਕ 25 ਲੱਖ ਲੋਕਾਂ ਨੂੰ ਰੁਜ਼ਗਾਰ ਦੇ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਇਹ ਖੇਤਰ ਹੋਰ ਵੀ ਤੇਜ਼ੀ ਨਾਲ ਅੱਗੇ ਵਧੇਗਾ। ਉਨ੍ਹਾਂ ਕਿਹਾ ਕਿ ਭਾਰਤ ਕੋਲ ਹੁਣ ਕੇਵਲ ਉਤਪਾਦਨ ਕਰਨ ਦੀ ਹੀ ਨਹੀਂ, ਬਲਕਿ ਉਤਪਾਦਾਂ ਨੂੰ ਡਿਜ਼ਾਈਨ ਕਰਨ ਦੀ ਵੀ ਸਮਰਥਾ ਹੈ।

ਮੰਤਰੀ ਨੇ ਭਵਿੱਖ ਵਿੱਚ ਇੱਕ ਭਰੋਸੇਮੰਦ ਨਿਰਮਾਣ ਅਧਾਰ ਬਣਾਉਣ ਦੀ ਵਚਨਬੱਧਤਾ ਵਿਅਕਤ ਕੀਤੀ, ਜੋ ਬੌਧਿਕ ਸੰਪੱਤੀ ਦੇ ਅਧਿਕਾਰਾਂ, ਨਵੀਨਤਾ ਅਤੇ ਸੁਰੱਖਿਅਤ ਸਪਲਾਈ ਚੇਨਾਂ ਨਾਲ ਜੁੜਿਆ ਹੋਇਆ ਹੋਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਲੈਕਟ੍ਰਾਨਿਕਸ ਖੇਤਰ ਵਿੱਚ ਨੌਜਵਾਨਾਂ ਨੂੰ ਤਿੰਨ ਪੱਧਰੀ ਹੁਨਰ ਸਿਖਲਾਈ ਦਿੱਤੀ ਜਾਵੇਗੀ, ਜਿਸ ਵਿੱਚ ਬੁਨਿਆਦੀ ਤਾਲੀਮ ਤੋਂ ਲੈ ਕੇ ਉਦਯੋਗ-ਅਨੁਕੂਲ ਕੋਰਸ ਤੱਕ ਸਾਰੀ ਵਿਵਸਥਾ ਸ਼ਾਮਲ ਹੋਵੇਗੀ।

By Rajeev Sharma

Leave a Reply

Your email address will not be published. Required fields are marked *