ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਵਿੱਚ ਪੁਲਿਸ ਅਤੇ ਇੱਕ ਸ਼ੂਟਰ ਵਿਚਾਲੇ ਹੋਏ ਮੁਕਾਬਲੇ ਵਿੱਚ ਸ਼ੂਟਰ ਉੱਜਵਲ ਹੰਸ ਜਖਮੀ ਹੋ ਗਿਆ। ਇਹ ਉਹੀ ਸ਼ੂਟਰ ਹੈ ਜਿਸਨੇ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਿਖੇ ਪੰਸਾਰੀ ਦੀ ਦੁਕਾਨ ‘ਤੇ ਫ਼ਰੋਤੀ ਦੀ ਨੀਅਤ ਨਾਲ ਗੋਲੀਆਂ ਚਲਾਈਆਂ ਸਨ। ਪੁਲਿਸ ਨੇ ਉਸ ਮਾਮਲੇ ਵਿੱਚ ਹੁਣ ਤੱਕ ਦੋ ਆਰੋਪੀ ਗ੍ਰਿਫਤਾਰ ਕਰ ਲਏ ਹਨ, ਜਿਨ੍ਹਾਂ ਦੀ ਪਹਿਚਾਣ ਰਵੀ ਕੁਮਾਰ ਅਤੇ ਉੱਜਵਲ ਹੰਸ ਦੇ ਰੂਪ ਵਿੱਚ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ, ਪੁਲਿਸ ਨੂੰ ਖ਼ੁਫੀਆ ਸੂਚਨਾ ਮਿਲੀ ਕਿ ਸ਼ੂਟਰ ਉੱਜਵਲ ਹੰਸ ਅੰਮ੍ਰਿਤਸਰ ਦੇ ਰਾਮਦਵਾਲੀ ਪਿੰਡ ਦੇ ਇਲਾਕੇ ਵਿੱਚ ਮੌਜੂਦ ਹੈ। ਇਸ ਉਪਰਾਂਤ ਪੁਲਿਸ ਦੀ ਇੱਕ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੂੰ ਦੇਖ ਕੇ ਉੱਜਵਲ ਹੰਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫ਼ਾਇਰਿੰਗ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਜਿਸ ਵਿੱਚ ਉੱਜਵਲ ਹੰਸ ਗੋਲੀ ਲੱਗਣ ਕਾਰਨ ਜਖਮੀ ਹੋ ਗਿਆ। ਉਸਨੂੰ ਤੁਰੰਤ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਸੰਦੀਪ ਗੋਇਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉੱਜਵਲ ਹੰਸ ਇੱਕ ਸ਼ੂਟਰ ਹੈ ਜੋ ਵਿਦੇਸ਼ ਬੈਠੇ ਗੈਂਗਸਟਰ ਕੇਸ਼ਵ ਸ਼ੀਵਾਲਾ ਦੇ ਇਸ਼ਾਰਿਆਂ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਉਹਨਾਂ ਕਿਹਾ ਕਿ ਜੰਡਿਆਲਾ ਗੁਰੂ ਵਿੱਚ ਪੰਸਾਰੀ ਦੀ ਦੁਕਾਨ ‘ਤੇ ਕੀਤੀ ਗਈ ਫ਼ਾਇਰਿੰਗ ਵੀ ਕੇਸ਼ਵ ਸਿਵਾਲਾ ਗੈਂਗ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਡੀਆਈਜੀ ਗੋਇਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤੀਸਰਾ ਸਾਥੀ ਹਜੇ ਪੁਲਿਸ ਦੀ ਪਕੜ ਤੋਂ ਬਾਹਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਉਹਨਾਂ ਕਿਹਾ ਕਿ ਉੱਜਵਲ ਹੰਸ ਦੇ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਹ ਵਿਅਕਤੀ ਕਈ ਵਾਰ ਪੁਲਿਸ ਦੀ ਨਜ਼ਰੋਂ ਬਚਦਾ ਰਿਹਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗੈਂਗਸਟਰਾਂ ਵੱਲੋਂ ਫ਼ਰੋਤੀ ਦੀਆਂ ਵਾਰਦਾਤਾਂ ਰਾਹੀਂ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸਨੂੰ ਪੁਲਿਸ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ। ਡੀਆਈਜੀ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਪੂਰੇ ਗੈਂਗ ਨੂੰ ਕਾਨੂੰਨੀ ਘੇਰੇ ਵਿੱਚ ਲਿਆਉਣ ਲਈ ਤੀਵਰ ਕਾਰਵਾਈ ਚੱਲ ਰਹੀ ਹੈ। ਇਸ ਘਟਨਾ ਨਾਲ ਜਿੱਥੇ ਇਲਾਕੇ ‘ਚ ਸੁਰੱਖਿਆ ਪ੍ਰਬੰਧ ਹੋਰ ਕੜੇ ਕੀਤੇ ਗਏ ਹਨ, ਉਥੇ ਹੀ ਲੋਕਾਂ ਵਿਚ ਰਾਹਤ ਦੀ ਭਾਵਨਾ ਵੀ ਹੈ ਕਿ ਗੈਂਗਸਟਰਾਂ ਖ਼ਿਲਾਫ਼ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ।
