ਪੰਜਾਬ ’ਚ ਕਈ ਥਾਈਂ ਅਤਿ ਦੀ ਗਰਮੀ ਤੇ ਕਿਤੇ ਮੀਂਹ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਕਈ ਦਿਨਾਂ ਤੋਂ ਪੈ ਰਹੀ ਅਤਿ ਦੀ ਗਰਮੀ ਮਗਰੋਂ ਲੰਘੀ ਰਾਤ ਸੂਬੇ ਵਿੱਚ ਕੁਝ ਥਾਈਂ ਪਏ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਮਾਮੂਲੀ ਰਾਹਤ ਦਿਵਾ ਦਿੱਤੀ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ 24 ਘੰਟਿਆਂ ਦੌਰਾਨ ਤਾਪਮਾਨ ’ਚ 3 ਤੋਂ 4 ਡਿਗਰੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਜਿਸ ਨਾਲ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ। ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਦਾ ਤਾਪਮਾਨ ਅੱਜ 40 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਸੂਬੇ ਵਿੱਚ ਬਠਿੰਡਾ ਏਅਰਪੋਰਟ ਇਲਾਕਾ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 42.2 ਡਿਗਰੀ ਰਿਹਾ। ਉੱਧਰ ਵਿਗਿਆਨੀਆਂ ਨੇ ਪੰਜਾਬ ’ਚ ਅਗਲੇ 2-3 ਦਿਨ ਮੌਸਮ ਦਾ ਮਿਜਾਜ਼ ਇਸੇ ਤਰ੍ਹਾਂ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਕਿਤੇ-ਕਿਤੇ ਹਨੇਰੀ ਤੋਂ ਬਾਅਦ ਹਲਕਾ ਮੀਂਹ ਵੀ ਪੈ ਸਕਦਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਦੇ ਪਟਿਆਲਾ, ਚੰਡੀਗੜ੍ਹ, ਫਿਰੋਜ਼ਪੁਰ, ਅਬੋਹਰ ਤੇ ਹੋਰਨਾਂ ਕਈ ਇਲਾਕਿਆਂ ਵਿੱਚ ਕਿਤੇ-ਕਿਤੇ ਦੇਰ ਰਾਤ ਹਲਕਾ ਮੀਂਹ ਪਿਆ ਹੈ। ਮੀਂਹ ਦੇ ਨਾਲ ਹੀ ਚੱਲੀਆਂ ਤੇਜ਼ ਹਵਾਵਾਂ ਕਰਕੇ ਅੱਜ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਹਾਲਾਂਕਿ ਦਿਨ ਚੜ੍ਹਦਿਆਂ ਹੀ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਧੁੱਪ ਨਿਕਲ ਗਈ ਸੀ, ਜਿਸ ਕਰਕੇ ਗਰਮੀ ਵਧ ਗਈ। ਮੌਸਮ ਦੇ ਮਿਜਾਜ਼ ਬਦਲਣ ਦੇ ਨਾਲ ਹੀ ਪੰਜਾਬ ਵਿੱਚ ਅੱਜ ਬਿਜਲੀ ਦੀ ਮੰਗ ਵੀ ਘਟ ਗਈ। ਪੰਜਾਬ ਵਿੱਚ ਬਿਜਲੀ ਦੀ ਮੰਗ 14,923 ਮੈਗਾਵਾਟ ਦਰਜ ਕੀਤੀ ਗਈ ਹੈ, ਜੋ ਕਿ ਪਿਛਲੇ ਕਈ ਦਿਨਾਂ ਤੋਂ 16 ਹਜ਼ਾਰ ਮੈਗਾਵਾਟ ਤੋਂ ਵੱਧ ਚੱਲ ਰਹੀ ਸੀ। ਅਗਲੇ 2-3 ਤਿੰਨ ਦਿਨਾਂ ’ਚ ਤਾਪਮਾਨ ਘਟਣ ਨਾਲ ਬਿਜਲੀ ਦੀ ਮੰਗ ਵੀ ਹੋਰ ਘਟਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 41.6 ਡਿਗਰੀ, ਫਰੀਦਕੋਟ ਦਾ 40, ਅੰਮ੍ਰਿਤਸਰ ਵਿੱਚ 39.5, ਪਠਾਨਕੋਟ ਦਾ 39.8, ਗੁਰਦਾਸਪੁਰ ਤੇ ਫਿਰੋਜ਼ਪੁਰ ਵਿੱਚ 39, ਲੁਧਿਆਣਾ ਵਿੱਚ 38.6, ਫਾਜ਼ਿਲਕਾ ’ਚ 38.2, ਜਲੰਧਰ ’ਚ 38.4, ਮੋਗਾ ’ਚ 38, ਚੰਡੀਗੜ੍ਹ ’ਚ 37.7, ਹੁਸ਼ਿਆਰਪੁਰ ’ਚ 37.5, ਮੁਹਾਲੀ ਦਾ 37, ਫਤਹਿਗੜ੍ਹ ਸਾਹਿਬ ਦਾ 35.1, ਰੋਪੜ ਵਿੱਚ ਦਾ 35, ਨਵਾਂ ਸ਼ਹਿਰ ਦਾ 34.8 ਅਤੇ ਪਟਿਆਲਾ ਦਾ 34.1 ਡਿਗਰੀ ਦਰਜ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *