ਜਾਅਲੀ ਵੀਜ਼ਾ ਘੋਟਾਲਾ: 3 ਲੱਖ ਲੈ ਕੇ ਵਿਦੇਸ਼ ਭੇਜਣ ਵਾਲਾ ਹਰਿਆਣਵੀ ਏਜੰਟ ਗਗਨਦੀਪ ਕਾਬੂ!

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਪੁਲਸ ਨੇ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਨ ਵਾਲੇ ਲੋਕਾਂ ਲਈ ਪੋਲੈਂਡ ਦੇ ਜਾਅਲੀ ਵੀਜ਼ੇ ਦਾ ਪ੍ਰਬੰਧ ਕਰਨ ਵਾਲੇ ਹਰਿਆਣਾ ਦੇ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀ ਨੇ ਅੱਜ ਦੱਸਿਆ ਕਿ ਮੁਲਜ਼ਮ ਦੀ ਪਛਾਣ ਗਗਨਦੀਪ ਸਿੰਘ (36) ਹੋਈ ਹੈ, ਜੋ 2021 ਦੇ ਵੀਜ਼ਾ ਧੋਖਾਧੜੀ ਦੇ ਮਾਮਲੇ ’ਚ ਲੋੜੀਂਦਾ ਸੀ।

ਅਧਿਕਾਰੀ ਮੁਤਾਬਕ ਇਸ ਮਾਮਲੇ ’ਚ 2021 ’ਚ ਫੜੇ ਗਏ ਏਜੰਟ ਕੁਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਮਗਰੋਂ ਉਹ ਫ਼ਰਾਰ ਸੀ। ਉਨ੍ਹਾਂ ਕਿਹਾ ਕਿ ਕੁਰੂਕਸ਼ੇਤਰ ਦਾ ਵਸਨੀਕ ਗਗਨਦੀਪ ਦਿੱਲੀ ਹਵਾਈ ਅੱਡੇ ’ਤੇ ਵੀਜ਼ਾ ਧੋਖਾਧੜੀ ਦੇ ਦੋ ਮਾਮਲਿਆਂ ’ਚ ਸ਼ਾਮਲ ਸੀ। ਏਸੀਪੀ (ਆਈਜੀਆਈ ਹਵਾਈ ਅੱਡਾ) ਊਸ਼ਾ ਰਾਗਨਾਨੀ ਨੇ ਦੱਸਿਆ, ‘‘6 ਸਤੰਬਰ 2021 ਨੂੰ ਪੰਜਾਬ ਦੇ ਦੋ ਯਾਤਰੀ ਚੰਦਰ ਪ੍ਰਕਾਸ਼ (22) ਤੇ ਸਰਬਜੀਤ (23) ਪੋਲੈਂਡ ਜਾਣ ਦੇ ਇਰਾਦੇ ਨਾਲ ਦਿੱਲੀ ਹਵਾਈ ਅੱਡੇ ’ਤੇ ਪਹੁੰਚੇ ਸਨ।

ਇਮਗ੍ਰੇਸ਼ਨ ਕਲੀਅਰੈਂਸ ਦੌਰਾਨ ਅਧਿਕਾਰੀਆਂ ਨੂੰ ਉਨ੍ਹਾਂ ਦੇ ਪਾਸਪੋਰਟ ’ਤੇ ਪੋਲੈਂਡ ਦਾ ਜਾਅਲੀ ਵੀਜ਼ਾ ਲੱਗਾ ਮਿਲਿਆ। ਇਸ ਸਬੰਧੀ ਹਵਾਈ ਅੱਡਾ ਥਾਣੇ ’ਚ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਪੁੱਛ ਪੜਤਾਲ ਦੌਰਾਨ ਦੋਵਾਂ ਯਾਤਰੀਆਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕੁਲਵਿੰਦਰ ਨੂੰ ਤਿੰਨ-ਤਿੰਨ ਲੱਖ ਰੁਪਏ ਦਿੱਤੇ ਸਨ, ਜਿਸ ਨੇ ਪੋਲੈਂਡ ਰਾਹੀਂ ਪੁਰਤਗਾਲ ਤੱਕ ਪਹੁੰਚਾਉਣ ਦਾ ਵਾਅਦਾ ਕੀਤਾ ਸੀ।

ਰਾਗਨਾਨੀ ਨੇ ਕਿਹਾ ਕਿ ਕੁਲਵਿੰਦਰ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਉਨ੍ਹਾਂ ਦੇ ਜਾਅਲੀ ਵੀਜ਼ੇ ਤੇ ਸਫਰ ਲਈ ਟਿਕਟਾਂ ਦਾ ਪ੍ਰਬੰਧ ਕੀਤਾ ਸੀ। ਪੁੱਛ ਪੜਤਾਲ ਦੌਰਾਨ ਕੁਲਵਿੰਦਰ ਨੇ ਗਗਨਦੀਪ ਦੇ ਨਾਮ ਦਾ ਖੁਲਾਸਾ ਕੀਤਾ ਸੀ, ਜਿਸ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

By Rajeev Sharma

Leave a Reply

Your email address will not be published. Required fields are marked *