ਘਰੇਲੂ ਝਗੜੇ ਦੇ ਕਾਰਨ ਪਿਤਾ ਨੇ ਇਕਲੌਤੇ ਪੁੱਤਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਘਰੇਲੂ ਝਗੜੇ ਦੇ ਕਾਰਨ ਪਿਤਾ ਨੇ ਇਕਲੌਤੇ ਪੁੱਤਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ

ਬਠਿੰਡਾ (ਗੁਰਪ੍ਰੀਤ ਸਿੰਘ): ਜ਼ਿਲੇ ਦੇ ਪਿੰਡ ਚੱਕ ਰੁਲਦੂ ਸਿੰਘ ਵਾਲਾ ‘ਚ ਐਤਵਾਰ ਨੂੰ ਘਰੇਲੂ ਝਗੜੇ ਦੇ ਚੱਲਦਿਆਂ ਇਕ ਪਿਤਾ ਨੇ ਆਪਣੇ ਹੀ ਅਤੇ ਇਕਲੌਤੇ ਪੁੱਤਰ ਨੂੰ ਗਾਲ੍ਹਾਂ ਕੱਢ ਕੇ ਕਤਲ ਕਰ ਦਿੱਤਾ। ਦੋਸ਼ੀ ਪਿਤਾ ਨੇ ਆਪਣੇ ਲਾਇਸੰਸੀ 12 ਬੋਰ ਦੇ ਰਿਵਾਲਵਰ ਨਾਲ ਗੋਲੀ ਮਾਰ ਕੇ ਇਸ ਕਤਲ ਨੂੰ ਅੰਜਾਮ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸੰਗਤ ਦੀ ਪੁਲਸ ਨੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਕੇ ਉਸ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ, ਜਦਕਿ ਉਸ ਦਾ ਲਾਇਸੈਂਸੀ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

ਮ੍ਰਿਤਕ ਦੀ ਪਤਨੀ ਅਨੁਸਾਰ ਦੋਵੇਂ ਪਿਓ-ਪੁੱਤ ਦਾ ਆਪਸ ਵਿੱਚ ਨਹੀਂ ਚੱਲਦਾ ਸੀ। ਸ਼ਨੀਵਾਰ ਰਾਤ ਅਤੇ ਐਤਵਾਰ ਸਵੇਰੇ ਕਿਸੇ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਲੜਾਈ ਹੋ ਗਈ, ਜਿਸ ਕਾਰਨ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ।

ਥਾਣਾ ਸੰਗਤ ਦੇ ਐਸਐਚਓ ਪਾਰਸ ਚਾਹਲ ਨੇ ਦੱਸਿਆ ਕਿ ਐਤਵਾਰ ਸਵੇਰੇ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚੱਕ ਰੁਲਦੂ ਸਿੰਘ ਵਾਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਨੇ ਪਿੰਡ ਚੱਕ ਰੁਲਦੂ ਸਿੰਘ ਵਾਲਾ ਵਿੱਚ ਆਪਣੇ ਘਰ ਵਿੱਚ ਆਪਣੇ ਲੜਕੇ ਅਰਸ਼ਪ੍ਰੀਤ ਸਿੰਘ (34) ’ਤੇ 12 ਬੋਰ ਦੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ।

ਜ਼ਖ਼ਮੀ ਅਰਸ਼ਪ੍ਰੀਤ ਸਿੰਘ ਨੂੰ ਇਲਾਜ ਲਈ ਬਠਿੰਡਾ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਅਨੁਸਾਰ ਕਤਲ ਦਾ ਕਾਰਨ ਘਰੇਲੂ ਝਗੜਾ ਸੀ। ਉਸ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਸਹੁਰਾ ਦੋਵੇਂ ਖੇਤੀ ਕਰਦੇ ਹਨ। ਉਸ ਦੇ ਪਰਿਵਾਰ ਕੋਲ ਕਰੀਬ 22 ਕਿੱਲੇ ਜ਼ਮੀਨ ਸੀ, ਪਰ ਉਸ ਦੇ ਪਤੀ ਅਤੇ ਸਹੁਰੇ ਦੀ ਚੰਗੀ ਤਰ੍ਹਾਂ ਨਹੀਂ ਚੱਲਦੀ ਸੀ। ਹਰ ਛੋਟੀ-ਛੋਟੀ ਗੱਲ ਨੂੰ ਲੈ ਕੇ ਉਨ੍ਹਾਂ ਵਿਚ ਲੜਾਈ-ਝਗੜਾ ਹੋ ਜਾਂਦਾ ਸੀ। ਬੀਤੀ ਸ਼ਨੀਵਾਰ ਰਾਤ ਵੀ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋ ਗਈ ਸੀ, ਜਦੋਂ ਕਿ ਐਤਵਾਰ ਸਵੇਰੇ ਜਦੋਂ ਉਸ ਦਾ ਪਤੀ ਆਪਣੇ ਪਿਤਾ ਨਾਲ ਗੱਲ ਕਰਨ ਉਸ ਦੇ ਘਰ ਗਿਆ ਤਾਂ ਉੱਥੇ ਵੀ ਝਗੜਾ ਹੋ ਗਿਆ, ਜਿਸ ਤੋਂ ਬਾਅਦ ਉਸ ਦੇ ਸਹੁਰੇ ਨੇ ਆਪਣੇ 12 ਬੋਰ ਦੇ ਰਿਵਾਲਵਰ ਨਾਲ ਉਸ ਦੇ ਪਤੀ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ, ਜਦਕਿ ਉਹ ਆਪਣੇ ਪਿੱਛੇ ਦੋ ਧੀਆਂ, ਪਤਨੀ, ਮਾਂ ਅਤੇ ਦਾਦੀ ਛੱਡ ਗਿਆ ਹੈ। ਐਸਐਚਓ ਪਾਰਸ ਚਾਹਲ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਹਰਪਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਮੁਲਜ਼ਮ ਪਿਤਾ ਸੁਖਵਿੰਦਰ ਸਿੰਘ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

By Gurpreet Singh

Leave a Reply

Your email address will not be published. Required fields are marked *