ਜਲੰਧਰ : ਸ਼ਹਿਰ ‘ਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕਈ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰਿਆ ਈਮੇਲ ਮਿਲਣ ਕਾਰਨ ਪੁਲਸ ਅਤੇ ਸੁਰੱਖਿਆ ਏਜੰਸੀਆਂ ਅਲਰਟ ਮੋਡ ‘ਤੇ ਆ ਗਈਆਂ ਹਨ। ਇਸ ਨਾਲ ਅਧਿਆਪਕਾਂ ਅਤੇ ਮਾਪਿਆਂ ਦੇ ਨਾਲ ਸਕੂਲ ਪ੍ਰਸ਼ਾਸਨ ‘ਚ ਚਿੰਤਾ ਵੱਧ ਗਈ ਹੈ। ਜਾਣਕਾਰੀ ਮੁਤਾਬਕ ਡੀ. ਪੀ. ਐੱਸ. ਸਕੂਲ, ਮਾਇਰ ਵਰਲਡ ਸਕੂਲ ਅਤੇ ਐੱਮ. ਜੀ. ਐੱਨ. ਸਕੂਲ ਨੂੰ ਈਮੇਲ ਜ਼ਰੀਏ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।
ਮੇਲ ‘ਚ ਦਾਅਵਾ ਕੀਤਾ ਗਿਆ ਹੈ ਕਿ ਸਕੂਲਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ, ਜਿਸ ਤੋਂ ਬਾਅਦ ਤੁਰੰਤ ਸੁਰੱਖਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਨਾ ਹੀ ਨਹੀਂ, ਈਮੇਲ ‘ਚ ਡਾ. ਬਾਬਾ ਸਾਹਿਬ ਅੰਬੇਡਕਰ ਦੀਆਂ ਮੂਰਤੀਆਂ ਨੂੰ ਵੀ ਨੁਕਸਾਨ ਪਹੁਚਾਉਣ ਦੀ ਧਮਕੀ ਦਿੱਤੀ ਗਈ ਹੈ, ਮੇਲ ਭੇਜਣ ਵਾਲਿਆਂ ਨੇ ਖ਼ੁਦ ਨੂੰ ਖ਼ਾਲਿਸਤਾਨ ਨੈਸ਼ਨਲ ਆਰਮੀ ਨਾਲ ਜੁੜਿਆ ਦੱਸਿਆ ਹੈ ਅਤੇ ਇਸ ‘ਚ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਗਈ ਹੈ।
ਵਧਾਈ ਗਈ ਸੁਰੱਖਿਆ
ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 16 ਮਾਰਚ ਨੂੰ ਸ਼ਹਿਰ ਦੇ 4 ਪ੍ਰਮੁੱਖ ਸਕੂਲਾਂ ਏ. ਪੀ. ਜੇ. ਸਕੂਲ (ਰਾਮਾ ਮੰਡੀ), ਦਿੱਲੀ ਪਬਲਿਕ ਸਕੂਲ, ਸੀਟੀ ਵਰਲਡ ਪਬਲਿਕ ਸਕੂਲ ਅਤੇ ਕੈਂਬਰਿਜ ਇੰਟਰਨੈਸ਼ਨਲ ਸਕੂਲ ਨੂੰ ਇਸ ਤਰ੍ਹਾਂ ਦੇ ਧਮਕੀ ਭਰੇ ਈਮੇਲ ਮਿਲੇ ਸਨ। ਉਸ ਸਮੇਂ ਵੀ ਵੱਡੇ ਹਮਲੇ ਦਾ ਦਾਅਵਾ ਕੀਤਾ ਗਿਆ ਸੀ, ਜਿਸ ‘ਚ ਵਿਸਾਖੀ ਦੇ ਦਿਨ ਹਮਲੇ ਦੀ ਯੋਜਨਾ ਦਾ ਜ਼ਿਕਰ ਸੀ। ਫਿਲਹਾਲ ਪੁਲਸ ਅਤੇ ਜਾਂਚ ਏਜੰਸੀਆਂ ਈਮੇਲ ਦੀ ਜਾਂਚ ‘ਚ ਜੁੱਟ ਗਈਆਂ ਹਨ ਅਤੇ ਸਾਈਬਰ ਟੀਮ ਦੀ ਮਦਦ ਨਾਲ ਈਮੇਲ ਭੇਜਣ ਵਾਲਿਆਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
