ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਲਗਾਤਾਰ ਛਾਪੇ ਮਾਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਨਸ਼ੇ ਦੇ ਸੌਦਾਗਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਸ ਹੀ ਤਹਿਤ ਫਿਰੋਜ਼ਪੁਰ ਪੁਲਿਸ ਨੇ ਵੱਡੀ ਕਾਰਵਾਈ ਤਹਿਤ ਨਸ਼ੇ ਦੇ ਨੈਕਸਸ ਦਾ ਪਰਦਾਫਾਸ਼ ਕਰਦਿਆਂ 3 ਤਸਕਰਾਂ ਨੂੰ 60 ਕਰੋੜ ਰੁਪਏ ਦੇ ਮੁੱਲ ਦੀ 12 ਕਿੱਲੋ ਹੈਰੋਇਨ ਅਤੇ 25 ਲੱਖ ਰੁਪਏ ਦੀ ਡਰੱਗ ਮਨੀ ਸਣੇ ਕਾਬੂ ਕੀਤਾ ਹੈ।
ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਆਈਜੀ ਫਿਰੋਜ਼ਪੁਰ ਹਰਮਨ ਬੀਰ ਸਿੰਘ ਗਿੱਲ ਨੇ ਦੱਸਿਆ ਕਿ ‘ਪੁਲਿਸ ਵੱਲੋਂ ਬੀਤੇ ਦਿਨੀਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨਾਂ ਕੋਲੋਂ ਦੋ ਕਿੱਲੋ ਹੈਰੋਇਨ ਅਤੇ 25 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ ਸੀ ਉਸ ‘ਤੇ ਬੈਕਵਰਡ ਅਤੇ ਫੋਰਵਰਡ ਲਿੰਕ ਖੰਘਾਲਦੇ ਹੋਏ ਇੱਕ ਹੋਰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਪੁਲਿਸ ਨੇ ਅੱਜ ਘੱਲ ਖੁਰਦ ਤੋਂ 3 ਤਸਕਰਾਂ ਕੋਲੋਂ 12 ਕਿੱਲੋ 07 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ 25 ਲੱਖ 12 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ 1 ਆਰਟੀਗਾ ਕਾਰ ਵੀ ਬਰਾਮਦ ਕੀਤੀ ਹੈ। ਇਹ ਮਹਿਜ਼ 12 ਕਿੱਲੋ ਨਹੀਂ ਬਲਕਿ ਇਸ ਤੋਂ ਵੱਧ ਸੀ ਪਰ ਇਨ੍ਹਾਂ ਮੁਜ਼ਲਮਾਂ ਨੂੰ ਕੁਝ ਪਹਿਲਾਂ ਹੀ ਵੇਚ ਦਿੱਤੀ ਸੀ ਅਤੇ ਕੁਝ ਨੂੰ ਖੁਰਦਬੁਰਦ ਕੀਤਾ ਹੈ, ਜਿਸ ਦੀ ਤਲਾਸ਼ੀ ਲਈ ਪੁਲਿਸ ਵੱਲੋਂ ਜਾਂਚ ਟੀਮਾਂ ਲਾ ਦਿੱਤੀਆਂ ਗਈਆਂ ਹਨ।’ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਨੇ ਕਿਹਾ ਕਿ ਅੰਦਰ ਨਸ਼ਿਆਂ ਦੇ ਖਾਤਮੇ, ਨਸ਼ਾ ਤਸਕਰਾਂ, ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪ੍ਰਭਾਵੀ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਇਹ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ।
ਕਿੱਥੋਂ ਆਈ ਹੈਰੋਇਨ ਅਤੇ ਡੱਰਗ ਮਨੀ, ਪਤਾ ਕਰ ਰਹੀ ਪੁਲਿਸ
ਪੁਲਿਸ ਅਧਿਕਾਰੀਆਂ ਕਿਹਾ ਕਿ ਪੁਲਿਸ ਵੱਲੋਂ ਅੱਗੇ ਵੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਨ੍ਹਾਂ ਤਸਕਰਾਂ ਕੋਲ ਇਨੀਂ ਵੱਡੀ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਕਿਸ ਤਰ੍ਹਾਂ ਆਈ, ਇਨ੍ਹਾਂ ਤਸਕਰਾਂ ਨੇ ਕਿੰਨ੍ਹਾਂ ਲੋਕਾਂ ਤੋਂ ਇਹ ਹੈਰੋਇਨ ਮੰਗਵਾਈ ਸੀ ਅਤੇ ਇਸ ਵਿੱਚ ਹੋਰ ਕੌਣ ਲੋਕ ਸ਼ਾਮਿਲ ਨੇ ਉਸ ‘ਤੇ ਵੀ ਜਾਂਚ ਕੀਤੀ ਜਾ ਰਹੀ ਹੈ।
ਡੀਜੀਪੀ ਨੇ ਦਿੱਤੀ ਜਾਣਕਾਰੀ
ਜ਼ਿਕਰਯੋਗ ਹੈ ਕਿ ਇਸ ਵੱਡੀ ਕਾਰਵਾਈ ਸਬੰਧੀ ਡੀਜੀਪੀ ਪੰਜਾਬ, ਗੌਰਵ ਯਾਦਵ ਵੱਲੋਂ ਵੀ ਆਪਣੇ ਐਕਸ ਪੋਸਟ ਰਾਹੀ ਸ਼ੇਅਰ ਕੀਤੀ ਗਈ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਮਾਮਲੇ ਵਿੱਚ, ਐਨਡੀਪੀਐਸ ਐਕਟ ਤਹਿਤ ਥਾਣਾ ਘੱਲ ਖੁਰਦ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਰੈਕੇਟ ਦੇ ਅੱਗੇ ਅਤੇ ਪਿੱਛੇ ਸਬੰਧਾਂ ਦੀ ਜਾਂਚ ਕਰਨ ਵਿੱਚ ਲੱਗੀ ਹੋਈ ਹੈ, ਤਾਂ ਜੋ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਜਾ ਸਕੇ। ਪੰਜਾਬ ਪੁਲਿਸ ਦਾ ਉਦੇਸ਼ ਡਰੱਗ ਸਿੰਡੀਕੇਟਾਂ ਨੂੰ ਖਤਮ ਕਰਨਾ, ਸਪਲਾਈ ਚੇਨਾਂ ਨੂੰ ਤੋੜਨਾ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ।
