ਨੈਸ਼ਨਲ ਟਾਈਮਜ਼ ਬਿਊਰੋ :- ਭਾਰਤਪੁਰ (ਰਾਜਸਥਾਨ) ਦੇ ਇੱਕ ਵਕੀਲ ਨੇ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਖ਼ਿਲਾਫ਼ ਮਥੁਰਾ ਗੇਟ ਥਾਣੇ ‘ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਵਕੀਲ ਦਾ ਦੋਸ਼ ਹੈ ਕਿ ਦੋਵੇਂ ਸਿਤਾਰਿਆਂ ਨੇ ਇੱਕ ਅਜਿਹੀ ਕਾਰ ਦਾ ਪ੍ਰਚਾਰ ਕੀਤਾ ਜੋ ਕਿ ਗੰਭੀਰ ਮੈਨੂਫੈਕਚਰਿੰਗ ਖਾਮੀਆਂ ਵਾਲੀ ਨਿਕਲੀ। ਵਕੀਲ ਕੀਰਤੀ ਸਿੰਘ ਨੇ ਦੱਸਿਆ ਕਿ ਉਸਨੇ 2022 ਵਿੱਚ ਇਹ ਕਾਰ 23.97 ਲੱਖ ਰੁਪਏ ਵਿੱਚ ਖਰੀਦੀ ਸੀ ਪਰ ਕੁਝ ਮਹੀਨਿਆਂ ਦੇ ਅੰਦਰ ਹੀ ਕਾਰ ਵਿੱਚ ਕਈ ਤਕਨੀਕੀ ਖਰਾਬੀਆਂ ਆਉਣ ਲੱਗ ਪਈਆਂ। ਸਿੰਘ ਦੇ ਅਨੁਸਾਰ, ਕਾਰ ਅਕਸਰ ਓਵਰਟੇਕ ਕਰਦੇ ਸਮੇਂ ਗਤੀ ਫੜਨ ਵਿੱਚ ਅਸਫਲ ਰਹਿੰਦੀ ਹੈ, RPM ਵਧਦਾ ਹੈ ਪਰ ਸਪੀਡ ਨਹੀਂ ਪਕੜਦੀ, ਨਾਲ ਹੀ ਓਡੋਮੀਟਰ ਵਾਰ-ਵਾਰ ਖਰਾਬੀ ਦੀ ਚੇਤਾਵਨੀ ਪ੍ਰਦਰਸ਼ਿਤ ਕਰਦਾ ਹੈ।
ਸ਼ਿਕਾਇਤਕਰਤਾ ਮੁਤਾਬਕ, ਕਾਰ ਤੇਜ਼ ਗਤੀ ‘ਤੇ ਚਲਾਉਣ ‘ਤੇ ਕੰਬਣ ਲੱਗਦੀ ਹੈ ਅਤੇ ਅਜੀਬ ਆਵਾਜ਼ਾਂ ਕਰਦੀ ਹੈ, ਜਿਸ ਕਰਕੇ ਕਈ ਵਾਰ ਹਾਦਸੇ ਤੋਂ ਬਚਾਅ ਮੁਸ਼ਕਿਲ ਨਾਲ ਹੋਇਆ। ਜਦੋਂ ਉਸਨੇ ਏਜੰਸੀ ਨੂੰ ਇਸ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਹ ਕਾਰ ਵਿੱਚ ਮੈਨੂਫੈਕਚਰਿੰਗ ਡਿਫੈਕਟ ਹੈ, ਜਿਸਨੂੰ ਠੀਕ ਨਹੀਂ ਕੀਤਾ ਜਾ ਸਕਦਾ। ਵਕੀਲ ਨੇ ਦਲੀਲ ਦਿੱਤੀ ਕਿ ਕਿਉਂਕਿ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੁਕੋਣ ਨੇ ਇਸ ਕਾਰ ਦਾ ਪ੍ਰਚਾਰ ਕਰਕੇ ਗਾਹਕਾਂ ਨੂੰ ਗਲਤ ਜਾਣਕਾਰੀ ਦਿੱਤੀ, ਇਸ ਲਈ ਉਹ ਵੀ ਜ਼ਿੰਮੇਵਾਰ ਹਨ। ਪੁਲਸ ਨੇ ਐੱਫ.ਆਈ.ਆਰ. ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
