ਨੈਸ਼ਨਲ ਟਾਈਮਜ਼ ਬਿਊਰੋ :- ਮਹਾਰਾਸ਼ਟਰ ਦੇ ਨਵੀਂ ਮੁੰਬਈ ਟਾਊਨਸ਼ਿਪ ‘ਚ ਇੱਕ ਇੰਜੀਨੀਅਰਿੰਗ ਕਾਲਜ ‘ਚ ਅੱਗ ਲੱਗ ਗਈ, ਜਿਸ ਕਾਰਨ ਪ੍ਰਸ਼ਾਸਨਿਕ ਵਿਭਾਗ ਅਤੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਭਾਰੀ ਨੁਕਸਾਨ ਪਹੁੰਚਿਆ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਾਰਘਰ ਖੇਤਰ ‘ਚ ਸਿਓਨ-ਪਨਵੇਲ ਹਾਈਵੇਅ ‘ਤੇ ਸਥਿਤ ਇੱਕ ਨਿੱਜੀ ਕਾਲਜ ‘ਚ ਮੰਗਲਵਾਰ ਦੇਰ ਰਾਤ ਵਾਪਰੀ ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਫਾਇਰ ਬ੍ਰਿਗੇਡ ਨੂੰ ਰਾਤ 11:12 ਵਜੇ ਸੂਚਨਾ ਮਿਲੀ ਤੇ ਇਸਦੇ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਸਿਡਕੋ ਫਾਇਰ ਸਟੇਸ਼ਨ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅੱਗ ‘ਚ ਪ੍ਰਸ਼ਾਸਨਿਕ ਦਫ਼ਤਰ ਅਤੇ ਪ੍ਰਿੰਸੀਪਲ ਦੇ ਦਫ਼ਤਰ ਨੂੰ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਗ ਵਿੱਚ ਨੁਕਸਾਨੇ ਗਏ ਉਪਕਰਣਾਂ ਵਿੱਚ ਦੋ ਟੈਲੀਵਿਜ਼ਨ ਸੈੱਟ, ਦੋ ਏਅਰ ਕੰਡੀਸ਼ਨਰ, ਤਿੰਨ ਕੰਪਿਊਟਰ ਅਤੇ ਫਰਨੀਚਰ ਸ਼ਾਮਲ ਹਨ। ਅਧਿਕਾਰੀ ਨੇ ਕਿਹਾ ਕਿ ਇੱਕ ਘੰਟੇ ਦੀ ਕਾਰਵਾਈ ਤੋਂ ਬਾਅਦ ਅੱਗ ‘ਤੇ ਪੂਰੀ ਤਰ੍ਹਾਂ ਕਾਬੂ ਪਾ ਲਿਆ ਗਿਆ। ਉਨ੍ਹਾਂ ਕਿਹਾ ਕਿ ਡਿਊਟੀ ‘ਤੇ ਮੌਜੂਦ ਸੁਰੱਖਿਆ ਗਾਰਡ ਤੋਂ ਪੁੱਛਗਿੱਛ ਕੀਤੀ ਗਈ ਪਰ ਅੱਗ ਲੱਗਣ ਦੇ ਕਾਰਨਾਂ ਬਾਰੇ ਨਹੀਂ ਦੱਸ ਸਕੇ। ਅਧਿਕਾਰੀ ਨੇ ਕਿਹਾ ਕਿ ਅਸੀਂ ਇਸ ਸਮੇਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਹਾਂ।
ਨਵੀਂ ਮੁੰਬਈ ਦੇ ਇੰਜੀਨੀਅਰਿੰਗ ਕਾਲਜ ‘ਚ ਅੱਗ ਲੱਗੀ, ਜਾਨੀ ਨੁਕਸਾਨ ਤੋਂ ਰਿਹਾ ਬਚਾਅ
