ਰਾਮ ਮੰਦਰ ’ਚ ਝੰਡਾ ਲਹਿਰਾਉਣ ਦੀ ਰਸਮ 25 ਨੂੰ, PM ਮੋਦੀ ਸਣੇ ਕਈ VVIPs ਪਹੁੰਚਣਗੇ ਅਯੁੱਧਿਆ

ਨੈਸ਼ਨਲ ਟਾਈਮਜ਼ ਬਿਊਰੋ :- 25 ਨਵੰਬਰ ਨੂੰ ਰਾਮ ਮੰਦਰ ਵਿਖੇ ਝੰਡਾ ਲਹਿਰਾਉਣ ਦੀ ਹੋਣ ਵਾਲੀ ਰਸਮ ਲਈ ਅਯੁੱਧਿਆ ਦੇ ਹਵਾਈ ਅੱਡੇ ’ਤੇ ਵਿਸ਼ੇਸ਼ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਵੀ. ਵੀ. ਆਈ.ਪੀਜ਼ ਇਸ ਸਮਾਗਮ ’ਚ ਸ਼ਾਮਲ ਹੋਣਗੇ। ਇਸ ਕਾਰਨ ਲਗਭਗ 80 ਚਾਰਟਰਡ ਹਵਾਈ ਜਹਾਜ਼ਾਂ ਦੇ ਇੱਥੇ ਆਉਣ ਦੀ ਉਮੀਦ ਹੈ। ਹਵਾਈ ਅੱਡੇ ਦੇ ਡਾਇਰੈਕਟਰ ਧੀਰੇਂਦਰ ਸਿੰਘ ਅਨੁਸਾਰ 40 ਤੋਂ 80 ਚਾਰਟਰਡ ਹਵਾਈ ਜਹਾਜ਼ਾਂ ਦੇ ਸੰਚਾਲਨ ਲਈ ਪ੍ਰਬੰਧ ਕੀਤੇ ਗਏ ਹਨ। ਸੁਰੱਖਿਆ ਲਈ ਸੀ. ਆਈ. ਐੱਸ. ਐੱਫ. ਦੇ 100 ਵਾਧੂ ਜਵਾਨ ਤਾਇਨਾਤ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਲਈ ਇਕ ਵਿਸ਼ੇਸ਼ ਲਾਉਂਜ ਤੇ ਮੁੱਖ ਮੰਤਰੀ, ਰਾਜਪਾਲ ਤੇ ਹੋਰ ਪਤਵੰਤਿਆਂ ਲਈ 6 ਵੀ.ਆਈ.ਪੀ. ਲਾਉਂਜ ਤਿਆਰ ਕੀਤੇ ਜਾ ਰਹੇ ਹਨ। ਕਈ ਜਹਾਜ਼ ਨੇੜਲੇ ਹਵਾਈ ਅੱਡਿਆਂ ’ਤੇ ਵੀ ਖੜ੍ਹੇ ਕੀਤੇ ਜਾਣਗੇ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੰਗਲਵਾਰ ਨੂੰ ਪੂਰੇ ਸਮਾਗਮ ਦੀਆਂ ਤਿਆਰੀਆਂ ਦੀ ਸਮੀਖਿਆ ਕਰਨਗੇ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਸਾਰੇ ਸੱਦੇ ਗਏ ਮਹਿਮਾਨਾਂ ਨੂੰ 24 ਨਵੰਬਰ ਤੱਕ ਅਯੁੱਧਿਆ ਪਹੁੰਚਣ ਦੀ ਬੇਨਤੀ ਕੀਤੀ ਹੈ।

ਹੋਟਲਾਂ ਤੇ ਟੈਂਟ ਸਿਟੀਆਂ ’ਚ ਰਿਹਾਇਸ਼ ਲਈ ਕੁੱਲ 1,600 ਕਮਰੇ ਰਾਖਵੇਂ ਰੱਖੇ ਗਏ ਹਨ। ਜ਼ਿਲਾ ਮੈਜਿਸਟਰੇਟ ਨਿਖਿਲ ਟੀਕਾਰਮ ਨੇ ਕਿਹਾ ਕਿ ਅਯੁੱਧਿਆ ਮੈਡੀਕਲ ਕਾਲਜ ’ਚ ਡਾਕਟਰੀ ਪ੍ਰਬੰਧਾਂ ਲਈ 50 ਬਿਸਤਰੇ ਰਿਜ਼ਰਵ ਹਨ। ਲਗਭਗ 24 ਡਾਕਟਰਾਂ ਤੇ ਸਿਹਤ ਮੁਲਾਜ਼ਮਾਂ ਦੀ ਇਕ ਟੀਮ ਤਾਇਨਾਤ ਕੀਤੀ ਜਾਵੇਗੀ।

ਅਯੁੱਧਿਆ ਦੇ ਵਿਧਾਇਕ ਵੇਦ ਪ੍ਰਕਾਸ਼ ਗੁਪਤਾ ਨੇ ਕਿਹਾ ਕਿ 18 ਨਵੰਬਰ ਨੂੰ ਮੁੱਖ ਮੰਤਰੀ ਦੀ ਮੌਜੂਦਗੀ ’ਚ ਟਰੱਸਟ ਦੇ ਅਧਿਕਾਰੀਆਂ ਤੇ ਜਨ ਪ੍ਰਤੀਨਿਧੀਆਂ ਨਾਲ ਇਕ ਮੀਟਿੰਗ ’ਚ ਸਾਰੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਜਾਵੇਗੀ।

By Rajeev Sharma

Leave a Reply

Your email address will not be published. Required fields are marked *